ਗੁਰਦਾਸਪੁਰ, 5 ਅਕਤੂਬਰ (ਸਰਬਜੀਤ ਸਿੰਘ)– ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਤਹਿਤ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਟ੍ਰੇਨਿੰਗ ਦਿੱਤੀ ਗਈ। ਅਰਵਿੰਦ ਕੁਮਾਰ, ਪੀ.ਸੀ.ਐੱਸ. ਉੱਪ ਮੰਡਲ ਮੈਜਿਸਟਰੇਟ ਦੀਨਾਨਗਰ ਵੱਲੋਂ ਇਸ ਟਰੇਨਿੰਗ ਸੈਸ਼ਨ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ।
ਅਰਵਿੰਦ ਕੁਮਾਰ, ਉੱਪ ਮੰਡਲ ਮੈਜਿਸਟਰੇਟ ਦੀਨਾਨਗਰ ਵੱਲੋਂ ਟਰੇਨਿੰਗ ਸੈਸ਼ਨ ਦੌਰਾਨ ਵੋਟਰ ਸੂਚੀਆਂ ਦੀ ਸੁਧਾਈ, 18 ਸਾਲ ਦੇ ਨਵੇਂ ਵੋਟਰਾਂ, ਪੀ.ਡਬਲਿਊ.ਡੀ. ਵੋਟਰਾਂ, ਸੀਨੀਅਰ ਸਿਟੀਜ਼ਨ ਵੋਟਰਾਂ, ਨਵੀਆਂ ਵੋਟਾਂ ਬਣਾਉਣ, ਮ੍ਰਿਤਕ ਵਿਅਕਤੀਆਂ ਦੀਆਂ ਵੋਟਾਂ ਕੱਟਣ, ਵੋਟਰਾਂ ਦੇ ਚੋਣ ਹਲਕਾ ਜਾਂ ਸਥਾਨ ਤਬਦੀਲ ਕਰਨ, ਸਵੀਪ ਗਤੀਵਿਧੀਆਂ, ਈ.ਵੀ.ਐੱਮ. ਤੋਂ ਇਲਾਵਾ ਚੋਣ ਪ੍ਰੀਕ੍ਰਿਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਇਸ ਟਰੇਨਿੰਗ ਤੋਂ ਬਾਅਦ ਆਪਣੇ ਵਿਧਾਨ ਸਭਾ ਹਲਕੇ ਦੇ ਸਮੂਹ ਅਸੈਂਬਲੀ ਲੈਵਲ ਮਾਸਟਰ ਟਰੇਨਰਾਂ ਨੂੰ ਟ੍ਰੇਨਿੰਗ ਦੇਣਗੇ ਤਾਂ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਹੋ ਸਕੇ।
ਟ੍ਰੇਨਿੰਗ ਦੌਰਾਨ ਏ.ਡੀ.ਸੀ. ਹੁਸ਼ਿਆਰਪੁਰ ਰਾਹੁਲ ਚਾਬਾ, ਐੱਸ.ਡੀ.ਐੱਮ. ਗੁਰਦਾਸਪੁਰ ਅਮਨਦੀਪ ਕੌਰ ਘੁੰਮਣ, ਸਹਾਇਕ ਕਮਿਸ਼ਨਰ (ਜ) ਸਚਿਨ ਪਾਠਕ, ਤਹਿਸੀਲਦਾਰ ਚੋਣਾਂ ਮਨਜਿੰਦਰ ਸਿੰਘ, ਤੋਂ ਇਲਾਵਾ ਹੋਰ ਵੀ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਹਾਜ਼ਰ ਸਨ।