ਗੁਰਦਾਸਪੁਰ, 29 ਸਤੰਬਰ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਪ੍ਰੈਸ ਬਿਆਨ ਰਾਹੀਂ ਕਾਂਗਰਸ ਦੇ ਵੱਡੇ ਆਗੂ ਅਤੇ ਭੁਲੱਥ ਦੇ ਵਿਧਾਇਕ ਨੂੰ ਇੱਕ ਪੁਰਾਣੇ ਕੇਸ ਵਿੱਚ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਨੂੰ ਸਰਕਾਰ ਦੀ ਬਦਲਾਖੋਰੀ ਦੀ ਰਾਜਨੀਤੀ ਦਸਿਆ ਹੈ। ਬੱਖਤਪੁਰਾ ਨੇ ਕਿਹਾ ਕਿ ਜੋ ਕੇਸ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਖ਼ਤਮ ਹੋ ਚੁੱਕਾ ਹੈ ਉਸ ਕੇਸ ਦੀ ਦੁਬਾਰਾ ਸਿਟ ਬਣਾ ਕੇ ਨਵੇਂ ਤੱਥਾਂ ਦੇ ਸਾਹਮਣੇ ਆਉਣ ਦਾ ਬਹਾਨਾ ਬਣਾ ਕੇ ਵਿਧਾਇਕ ਖਹਿਰਾ ਨੂੰ ਚੋਰਾਂ ਦੀ ਤਰ੍ਹਾਂ ਗ੍ਰਿਫਤਾਰ ਕਰਨ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਖਹਿਰਾ ਦੀ ਗਿਰਫਤਾਰੀ ਅਸਲ ਵਿੱਚ ਉਸ ਵਲੋਂ ਪੂਰੀ ਬੇਬਾਕੀ ਨਾਲ ਮਾਨ ਸਰਕਾਰ ਨੂੰ ਲਗਾਤਾਰ ਨਿਸ਼ਾਨੇ ਤੇ ਲੈਣ ਕਾਰਨ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਬਾਦਸ਼ਾਹਾਂ ਦੀ ਤਰ੍ਹਾਂ ਕਿਸੇ ਵੀ ਵਿਰੋਧ ਨੂੰ ਸੁਣਨ ਦਾ ਮਾਦਾ ਨਹੀਂ ਰਖਦਾ।ਅਸਲ ਵਿੱਚ ਭਗਵੰਤ ਮਾਨ ਤੋਂ ਲੈ ਕੇ ਉਸ ਦੇ ਹਲਕਾ ਇੰਚਾਰਜਾਂ ਤੱਕ ਬਦਲੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ।ਮਾਨ ਸਰਕਾਰ ਇਕ ਤਰ੍ਹਾਂ ਨਾਲ ਪੁਲਿਸ ਰਾਜ ਦੀ ਤਰ੍ਹਾਂ ਚੱਲ ਰਹੀ ਹੈ। ਬੱਖਤਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਭਗਤ ਸਿੰਘ ਦੇ 116ਵੇ ਜਨਮ ਦਿਨ ਤੇ ਖਟਕੜਕਲਾਂ ਪਹੁੰਚ ਕੇ ਭਗਤ ਸਿੰਘ ਦੇ ਪੈੜਚਿਨਾ ਤੇ ਚਲਣ ਦਾ ਢੌਂਗ ਕਰ ਰਿਹਾ ਹੈ ਜਦੋਂ ਕਿ ਉਹ ਆਪਣੇ ਵਿਰੋਧ ਦੀ ਠੀਕ ਗਲ ਸੁਨਣ ਲਈ ਤਿਆਰ ਨਹੀਂ, ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਇਹ ਪੈਂਤੜੇ ਦਰਸਾਉਂਦੇ ਹਨ ਕਿ ਉਸਦਾ ਰਾਜ ਪੰਜਾਬ ਵਿੱਚ 5ਸਾਲ ਤੱਕ ਚਲਣਾਂ ਸੰਭਵ ਨਹੀਂ ਹੋਵੇਗਾ। ਕਮਿਊਨਿਸਟ ਆਗੂ ਨੇ ਸੁਖਪਾਲ ਖਹਿਰਾ ਦੀ ਗਿਰਫਤਾਰੀ ਨੂੰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦਸਦਿਆਂ ਉਸ ਨੂੰ ਫੌਰੀ ਰਿਹਾ ਕਰਨ ਦੀ ਮੰਗ ਕੀਤੀ


