ਕਲੱਬਾਂ ਨੂੰ ਗਰਾਂਟਾਂ ਦੇ ਚੈੱਕ ਅਤੇ ਸਰਵੋਤਮ ਕਲੱਬਾਂ ਨੂੰ ਦਿੱਤੇ ਗਏ ਐਵਾਰਡ
ਗੁਰਦਾਸਪੁਰ 28 ਸਤੰਬਰ (ਸਰਬਜੀਤ ਸਿੰਘ)— ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਸ੍ਰੀ ਰਵੀਪਾਲ ਦਾਰਾ ਦੀ ਅਗਵਾਈ ਵਿੱਚ ਰੈੱਡ ਰੀਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਪੰਡਤ ਮੋਹਨ ਲਾਲ ਐੱਸ ਡੀ ਕਾਲਜ ਗੁਰਦਾਸਪੁਰ ਵਿਖੇ ਹੋਈ ਜਿਸ ਵਿੱਚ ਜਿਲੇ ਭਰ ਦੀਆਂ 30 ਰੈੱਡ ਰੀਬਨ ਕਲੱਬਾਂ ਦੇ ਨੋਡਲ ਅਫਸਰਾਂ ਤੋਂ ਇਲਾਵਾ ਵੱਡੀ ਤਦਾਦ ਵਿੱਚ ਉਤਸ਼ਾਹੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਰਮਾ ਨੇ ਆਈਆਂ ਸਾਰੀਆਂ ਸ਼ਖਸੀਅਤਾਂ ਅਤੇ ਨੌਜਵਾਨਾਂ ਦਾ ਸਵਾਗਤ ਕਰਦਿਆਂ ਸਮਾਜਿਕ ਕੁਰੀਤੀਆਂ ਵਿਰੁੱਧ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਜਦੋਂ ਕਿ ਨੋਡਲ ਅਫਸਰ ਅਤੇ ਸਟੇਟ ਯੂਥ ਅਵਾਰਡੀ ਤੇਜਪ੍ਰਤਾਪ ਸਿੰਘ ਕਾਹਲੋਂ ਆਪਣੇ ਸੰਬੋਧਨ ਰਾਹੀਂ ਨੌਜਵਾਨਾਂ ਨੂੰ ਨਸ਼ੇ ਅਤੇ ਹੋਰ ਕੁਰੀਤੀਆਂ ਵਿਰੁੱਧ ਲੜਨ ਲਈ ਸੱਦਾ ਦਿੰਦੇ ਹੋਏ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 28 ਸਤੰਬਰ ਨੂੰ ਜਨਮ ਦਿਹਾੜੇ ਮੌਕੇ ਆਪੋ ਆਪਣੇ ਸਕੂਲਾਂ ਅਤੇ ਕਾਲਜਾਂ ਵਿੱਚ ਸਮਾਗਮ ਕਰਵਾਉਣ ਦੀ ਅਪੀਲ ਕੀਤੀ।
ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਹਾਇਕ ਡਾਇਰੈਕਟਰ ਰਵੀਪਾਲ ਦਾਰਾ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਪੜਦੇ ਵਿਦਿਆਰਥੀਆਂ ਅਤੇ ਹੋਰ ਨੌਜਵਾਨਾਂ ਨਾਲ ਲੜਕੇ ਲੜਕੀਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾ ਕੇ ਸਮਾਜ ਸੇਵਾ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਰੈੱਡ ਰੀਬਨ ਕਲੱਬਾਂ ਵੱਲੋਂ ਵੱਡੀ ਪੱਧਰ ਤੇ ਪ੍ਰੋਗਰਾਮ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਜ਼ਿਲ੍ਹੇ ਭਰ ਦੀਆਂ ਇਨਾਂ ਰੈੱਡ ਰਿਬਨ ਕਲੱਬਾਂ ਵੱਲੋਂ ਸਾਲ ਭਰ ਵੱਡੀ ਪੱਧਰ ਤੇ ਪ੍ਰੋਗਰਾਮ ਅਯੋਜਿਤ ਕੀਤੇ ਗਏ ਸਨ ਜਿਸ ਦੇ ਤਹਿਤ ਜਿਲੇ ਭਰ ਵਿੱਚੋਂ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ, ਬੇਅੰਤ ਇੰਜੀਨੀਅਰਿੰਗ ਕਾਲਜ ਗੁਰਦਾਸਪੁਰ, ਪੰਡਤ ਮੋਹਨ ਲਾਲ ਐੱਸ ਡੀ ਕਾਲਜ ਗੁਰਦਾਸਪੁਰ, ਹਸਤ ਸ਼ਿਲਪ ਕਾਲਜ, ਬੇਅਰਿੰਗ ਕਾਲਜ ਬਟਾਲਾ ਆਦਿ 6 ਸਰਵੋਤਮ ਰੈਡ ਰੀਬਨ ਕਲੱਬਾਂ ਦੀ ਚੋਣ ਕੀਤੀ ਗਈ ਹੈ।
ਉਹਨਾਂ ਇਨ੍ਹਾਂ ਸਰਵੋਤਮ ਕਲੱਬਾਂ ਨੂੰ ਪ੍ਰਿੰਸੀਪਲ ਡਾ. ਰਮਾ, ਸਟੇਟ ਯੂਥ ਅਵਾਰਡੀ ਤੇਜਪ੍ਰਤਾਪ ਸਿੰਘ ਕਾਹਲੋਂ, ਵਿਸ਼ਾਲ ਕੈਲਾ ਦੇ ਨਾਲ ਸਰਵੋਤਮ ਰੈੱਡ ਰਿਬਨ ਕਲੱਬਾਂ ਨੂੰ ਐਵਾਰਡ ਤਕਸੀਮ ਕਰਨ ਦੇ ਨਾਲ ਨਾਲ ਭਾਗੀਦਾਰ ਵਿਦਿਆਰਥੀਆਂ ਨੂੰ ਇਨਾਮ ਅਤੇ ਸਮੂਹਿਕ ਰੈੱਡ ਰਿਬਨ ਕਲੱਬਾਂ ਨੂੰ ਗ੍ਰਾਂਟ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੋਡਲ ਅਫਸਰ ਸਚਿਨ ਅਠਵਾਲ, ਮੈਡਮ ਪ੍ਰਭਨੀਤ ਕੌਰ, ਡਾ. ਅਮੀਤਾ, ਪ੍ਰਿੰਸ ਭਾਰਤੀ, ਪ੍ਰੋ. ਲਵਪ੍ਰੀਤ ਕੌਰ, ਪ੍ਰੋ. ਪਵਨਜੀਤ ਕੌਰ ਤੋਂ ਇਲਾਵਾ ਹੋਰ ਨੋਡਲ ਅਫਸਰ ਅਤੇ ਸਖਸ਼ੀਅਤਾਂ ਹਾਜ਼ਰ ਸਨ।