ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)–ਸੁਭਾਸ਼ ਚੰਦਰ, ਪੀ.ਸੀ.ਐੱਸ, ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਫ਼ੌਜਦਾਰੀ ਜਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਸਬ-ਡਵੀਜ਼ਨ ਬਟਾਲਾ ਵਿਖੇ 20 ਸਤੰਬਰ 2023 ਤੋਂ 23 ਸਤੰਬਰ 2023 ਤੱਕ ਕੋਈ ਵੀ ਵਿਅਕਤੀ ਟਰੈਕਟਰਾਂ ਅਤੇ ਹੋਰ ਵਾਹਨਾਂ ’ਤੇ ਹੁਲੜਬਾਜ਼ੀ, ਉੱਚੀ ਅਵਾਜ਼ ਵਿੱਚ ਸਪੀਕਰ ਅਤੇ ਬੁਲੱਟ ਮੋਟਰਸਾਈਕਲਾਂ ਦੇ ਪਟਾਕੇ ਨਹੀਂ ਚਲਾਏਗਾ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਸਬ ਡਵੀਜ਼ਨ ਬਟਾਲਾ ਵਿਖੇ ਮਿਤੀ 22 ਸਤੰਬਰ 2023 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ ਅਤੇ ਆਮ ਤੌਰ ’ਤੇ ਇਹ ਦੇਖਣ ਵਿੱਚ ਆਇਆ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਟਰੈਕਟਰਾਂ ਅਤੇ ਹੋਰ ਵਾਹਨਾਂ ਉੱਪਰ ਹੁਲੜਬਾਜ਼ੀ ਕੀਤੀ ਜਾਂਦੀ ਹੈ, ਉੱਚੀ ਅਵਾਜ਼ ਵਿੱਚ ਵੱਡੇ ਸਪੀਕਰ ਲਗਾਏ ਜਾਂਦੇ ਹਨ, ਬੁਲੱਟ ਮੋਟਰਸਈਕਲਾਂ ਦੇ ਪਟਾਕੇ ਮਾਰੇ ਜਾਂਦੇ ਹਨ ਜਿਸਨੂੰ ਰੋਕਣ ਦੀ ਲੋੜ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਮਨਾਹੀ ਦੇ ਇਹ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।