ਲਲਕਾਰ ਤੋਂ ਧੰਨਵਾਦ ਸਹਿਤ
ਗੁਰਦਾਸਪੁਰ, 12 ਸਤੰਬਰ (ਸਰਬਜੀਤ ਸਿੰਘ)– ਸੰਯੁਕਤ ਰਾਸ਼ਟਰ ਵੱਲੋਂ ਜਾਰੀ ਇੱਕ ਨਵੀਂ ਰਿਪੋਰਟ ਅਨੁਸਾਰ ਭਾਰਤ ਵਿੱਚ 74 ਪ੍ਰਤੀਸ਼ਤ ਜਾਣੀ ਲਗਭਗ ਤਿੰਨ ਚੌਥਾਈ ਲੋਕ ਹਾਲੇ ਵੀ ਸਿਹਤਮੰਦ ਭੋਜਨ ਹਾਸਲ ਕਰਨ ਦੀ ਸਮਰੱਥਾ ਨਹੀਂ ਰੱਖਦੇ। ਰਿਪੋਰਟ ਅਨੁਸਾਰ ਇਸ ਦਾ ਮੁੱਖ ਕਾਰਨ ਆਮ ਲੋਕਾਈ ਦੀ ਅਸਲ ਆਮਦਨ ਵਿੱਚ ਆਈ ਖੜੋਤ ਹੈ। ਸਿਰਫ ਖੜੋਤ ਹੀ ਨਹੀਂ, ਲੋਕਾਈ ਦੇ ਇੱਕ ਹਿੱਸੇ ਦੀ ਅਸਲ ਆਮਦਨ ਤਾਂ ਕਰੋਨਾ ਕਾਲ ਮਗਰੋਂ ਹੇਠਾਂ ਵੀ ਗਈ ਹੈ।
ਭਾਰਤ ਵਿੱਚ ਵਸੋਂ ਦਾ ਇਹਨਾਂ ਵੱਡਾ ਹਿੱਸਾ ਸਿਹਤਮੰਦ ਭੋਜਨ ਤੱਕ ਨਹੀਂ ਖਰੀਦ ਸਕਦਾ ਪਰ ਭਾਰਤ ਦੇ ਹੁਕਮਰਾਨ ਲੋਕਾਂ ਦੀ ਬਾਂਹ ਫੜਨ ਦੀ ਥਾਵੇਂ ਸਰਮਾਏਦਾਰਾਂ ਦੀ ਸੇਵਾ ਵਿੱਚ ਰੁੱਝੇ ਹੋਏ ਹਨ। ਲੋਕਾਂ ਉੱਤੇ ਖਰਚ ਕੀਤੀ ਜਾਣ ਵਾਲ਼ੀ ਰਕਮ ਉੱਤੇ ਲਗਾਤਾਰ ਕਟੌਤੀ ਕਰਦਿਆਂ ਦੋਵੇਂ ਯੂਨੀਅਨ ਤੇ ਸੂਬਾ ਸਰਕਾਰਾਂ ਆਪਣੇ ਹਾਕਮਾਂ, ਸਰਮਾਏਦਾਰਾਂ, ਨੂੰ ਖੁੱਲ੍ਹੇ ਗੱਫੇ ਵੰਡ ਰਹੀਆਂ ਹਨ।
ਇਹ ਪੂਰੀ ਪ੍ਰਕਿਰਿਆ ਲੋਕਾਂ ਅੱਗੇ ਇਹ ਗੱਲ ਵਧੇਰੇ ਤੋਂ ਵਧੇਰੇ ਸਾਫ ਕਰ ਰਹੀ ਹੈ ਕਿ ਇਹ ਪ੍ਰਬੰਧ ਤੇ ਸਰਕਾਰਾਂ ਅਸਲ ਵਿਚ ਕਿਸਦੇ ਹਿੱਤ ਵਿੱਚ ਭੁਗਤਦੇ ਹਨ। ਲੋਕਾਂ ਦੇ ਪੁੱਗਤ ਵਾਲ਼ਾ ਸਮਾਜ ਬਣਾਉਣ ਲਈ ਲੋਕਾਂ ਨੂੰ ਖੁਦ ਹੀ ਹੰਬਲਾ ਮਾਰਨਾ ਪਵੇਗਾ, ਨਾ ਸਿਰਫ ਇਹ ਗੱਲ ਵਧੇਰੇ ਸਪੱਸ਼ਟ ਹੁੰਦੀ ਜਾ ਰਹੀ ਹੈ ਸਗੋਂ ਵਧੇਰੇ ਤੋਂ ਵਧੇਰੇ ਇਹ ਅੱਜ ਦੀ ਅਣਸਰਦੀ ਲੋੜ ਵੀ ਬਣ ਰਹੀ ਹੈ।