ਗੁਰਦਾਸਪੁਰ, 7 ਸਤੰਬਰ (ਸਰਬਜੀਤ ਸਿੰਘ)–ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਦੀ ਜਥੇਬੰਦੀ ਪੰਜਾਬ ਕਿਸਾਨ ਯੂਨੀਅਨ ਅਤੇ ਕੁਲ ਹਿੰਦ ਕਿਸਾਨ ਸਭਾ ਦਾ ਇਕ ਵਫਦ ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਗੁਲਜ਼ਾਰ ਸਿੰਘ ਬਸੰਤਕੋਟ ਅਤੇ ਅਤੇ ਲਿਬਰੇਸ਼ਨ ਦੇ ਸੂਬਾ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਦੀ ਅਗਵਾਈ ਵਿੱਚ ਡੀ ਐਸ ਪੀ ਡੀ ਮੰਗਲ ਸਿੰਘ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਘਣੀਏਂ ਕੇ ਬੇਟ ਦੇ ਅਨੁਸੂਚਿਤ ਪਰਿਵਾਰ ਦੀ ਕੁੱਝ ਧਨਾਡ ਕਿਸਾਨਾਂ ਵਲੋਂ ਉਜਾੜੀ ਗਈ ਫ਼ਸਲ ਦੀ ਸਕਾਇਤ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਆਗੂਆਂ ਕਿਹਾ ਕਿ 15 ਦਿਨ ਪਹਿਲਾਂ 23ਅਗਸਤ ਨੂੰ ਐਸ ਐਸ ਪੀ ਬਟਾਲਾ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਘਣੀਏਂ ਕੇ ਬੇਟ ਦੇ ਦਲਿਤ ਜਗੀਰ ਸਿੰਘ ਸਾਹਬਾ ਦੀ ਤਿੰਨ ਏਕੜ ਜ਼ਮੀਨ ਵਿਚਲੀ ਫ਼ਸਲ ਵਾਹ ਦਿੱਤੀ ਸੀ ਜਿਸ ਦੀ ਜਾਂਚ ਐਸ ਐਸ ਪੀ ਨੇ ਡੀ ਐਸ ਪੀ ਡੀ ਨੂੰ ਕਰਨ ਲਈ ਲਿਖਿਆ ਸੀ ਪਰ ਦੋ ਹਫ਼ਤੇ ਤੋਂ ਵਧੇਰੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਬੰਧਤ ਅਫਸਰ ਵਲੋਂ ਜਾਂਚ ਕਰਕੇ ਐਸ ਐਸ ਪੀ ਨੂੰ ਵਾਪਸ ਨਹੀਂ ਭੇਜੀ ਗਈ। ਆਗੂਆਂ ਕਿਹਾ ਕਿ ਪੁਲੀਸ ਅਫ਼ਸਰ ਅਜੇ ਵੀ ਨਾਲ ਮਟੋਲ ਕਰ ਰਿਹਾ ਹੈ ਜਿਸ ਦੇ ਵਿਵਹਾਰ ਤੋਂ ਲਗਦਾ ਹੈ ਕਿ ਪੁਲਿਸ ਸਿਆਸੀ ਦਬਾਅ ਹੇਠ ਦਲਿਤ ਪਰਿਵਾਰ ਨੂੰ ਇਨਸਾਫ ਦੇਣ ਤੋਂ ਪਾਸਾ ਵੱਟ ਰਹੀ ਹੈ। ਆਗੂਆਂ ਕਿਹਾ ਕਿ ਸੰਘਰਸ਼ ਦੀ ਅਗਲੀ ਰੂਪ ਰੇਖਾ ਅਪਨਾਉਣ ਤੋਂ ਪਹਿਲਾਂ ਦੁਬਾਰਾ ਐਸ ਐਸ ਪੀ ਬਟਾਲਾ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਜਾਵੇਗਾ।