ਗੁਰਦਾਸਪੁਰ, 10 ਜੁਲਾਈ (ਸਰਬਜੀਤ)- ਸੀ.ਪੀ.ਆਈ. ਐਮ.ਐਲ ਦੇ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਇੱਕ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੀਸਤਾ ਸੀਤਲਵਾੜ, ਇਕ ਪ੍ਰਸਿੱਧ ਸਮਾਜ ਸੇਵਿਕਾ ਹੈ। ਉਹ ਮੁੰਬਈ ਵਿੱਚ ਰਹਿੰਦੀ ਹੈ ਅਤੇ ਆਜ਼ਾਦੀ ਘੁਲਾਟੀਆਂ ਦੇ ਇਕ ਉੱਘੇ ਪਰਿਵਾਰ ਵਿੱਚੋਂ ਹੈ। ਉਹ ਦਹਾਕਿਆਂ ਤੋਂ ਸੈਂਕੜੇ ਗ਼ਰੀਬ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕਰਦੀ ਅਤੇ ਸਾਧਨਹੀਣ ਪੀੜਤ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਲੜਦੀ ਆ ਰਹੀ ਹੈ। ਤੀਸਤਾ ਨੇ ਸਿਰਫ਼ ਗੁਜਰਾਤ ਦੰਗਾ ਪੀੜਤਾਂ ਲਈ ਹੀ ਨਹੀਂ , ਬਲਕਿ 1993 ਦੇ ਮੁੰਬਈ ਬੰਬ ਧਮਾਕਿਆਂ ਵਿਚ ਮਾਰੇ ਗਏ ਅਤੇ ਜ਼ਖਮੀ ਹੋਏ ਸੈਂਕੜੇ ਲੋਕਾਂ – ਜਿੰਨ੍ਹਾਂ ਵਿਚ ਜ਼ਿਆਦਾਤਰ ਹਿੰਦੂ ਸਨ, ਨੂੰ ਇਨਸਾਫ਼ ਦਿਵਾਉਣ ਲਈ ਵੀ ਲੜਾਈ ਲੜੀ ਅਤੇ ਉਨ੍ਹਾਂ ਨੂੰ ਸਰਕਾਰ ਤੋਂ ਮਦਦ ਦਿਵਾਈ ਅਤੇ ਖੁਦ ਆਪਣੀ ਐਨਜੀਓ ਵਲੋਂ ਵੀ ਉਨ੍ਹਾਂ ਦੀ ਸਹਾਇਤਾ ਕੀਤੀ। ਪਰ ਬੀਜੇਪੀ ਸਰਕਾਰ ਦੇ ਹਮਾਇਤੀ ਉਸ ਨੂੰ ਹਿੰਦੂ ਨਹੀਂ ਮੰਨਦੇ ਕਿਉਂਕਿ ਮੁੰਬਈ ਧਮਾਕਿਆਂ ਵਿੱਚ ਮਰਨ ਵਾਲੇ ਜਿੰਨਾਂ ਲੋਕਾਂ ਲਈ ਉਹ ਲੜੀ, ਉਨਾਂ ਵਿਚੋਂ ਜ਼ਿਆਦਾਤਰ ਲੋਕ ਰੇੜੀ ਫੜੀ ਵਾਲੇ ਗਰੀਬ ਅਤੇ ਸਧਾਰਨ ਸ਼ਹਿਰੀ ਸਨ ! ਪਰ ਤੀਸਤਾ ਦਾ ਪਰਿਵਾਰ ਤਾਂ ਪੀੜ੍ਹੀ ਦਰ ਪੀੜ੍ਹੀ ਆਮ ਲੋਕਾਂ ਲਈ ਹੀ ਲੜਦਾ ਆ ਰਿਹਾ ਹੈ। ਨੱਤ ਨੇ ਹੋਰ ਜਾਣਕਾਰੀ ਦਿੰਦਿਆ ਦਸਿਆ ਕਿ ਉਸ ਦੇ ਪਿਤਾ ਦਾ ਨਾਮ ਸੀ ਬੈਰਿਸਟਰ ਅਤੁਲ ਸੀਤਲਵਾੜ – ਉਹ ਬੰਬੇ ਹਾਈ ਕੋਰਟ ਦੇ ਸੀਨੀਅਰ ਵਕੀਲ ਸਨ ਅਤੇ ਲੋਕ ਹਿੱਤ ਦੇ ਮੁੱਦਿਆਂ ‘ਤੇ ਅਦਾਲਤੀ ਲੜਾਈ ਲੜਨ ਲਈ ਜਾਣੇ ਜਾਂਦੇ ਹਨ।
ਦਾਦਾ ਜੀ ਦਾ ਨਾਮ-
ਐਮ.ਸੀ. ਸੀਤਲਵਾੜ, ਮਸ਼ਹੂਰ ਬੈਰਿਸਟਰ, ਸੁਤੰਤਰਤਾ ਸੈਨਾਨੀ ਅਤੇ ਭਾਰਤ ਦੀ ਸੁਪਰੀਮ ਕੋਰਟ ਦੇ ਪਹਿਲੇ ਅਤੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਅਟਾਰਨੀ ਜਨਰਲ , ਜਿੰਨਾਂ ਨੂੰ ਸਰਕਾਰ ਵਲੋਂ ਉੱਘਾ ਨਾਗਰਿਕ ਸਨਮਾਨ ‘ਪਦਮ ਭੂਸ਼ਣ’ ਵੀ ਪ੍ਰਦਾਨ ਕੀਤਾ ਗਿਆ ਸੀ।
ਪੜਦਾਦੇ ਦਾ ਨਾਮ –
ਚਿਮਨਲਾਲ ਸੀਤਲਵਾੜ, ਇੱਕ ਮਸ਼ਹੂਰ ਬੈਰਿਸਟਰ ਅਤੇ ਆਜ਼ਾਦੀ ਘੁਲਾਟੀਏ, ਜਿਸ ਨੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿੱਚ ਸੈਂਕੜੇ ਨਿਰਦੋਸ਼ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਮਾਰਨ ਵਾਲੇ ਅੰਗਰੇਜ਼ ਜਨਰਲ ਡਾਇਰ ਦੇ ਖਿਲਾਫ ਬ੍ਰਿਟਿਸ਼ ਅਦਾਲਤ ਵਿੱਚ ਮੁਕੱਦਮਾ ਲੜਿਆ ਅਤੇ ਉਸਦਾ ਕੋਰਟ ਮਾਰਸ਼ਲ ਕਰਵਾਇਆ। ਉਹ ਡਾ: ਭੀਮ ਰਾਓ ਅੰਬੇਡਕਰ ਦੀ ਹਿਤਕਾਰੀ ਸਭਾ ਦੇ ਸੰਸਥਾਪਕ ਪ੍ਰਧਾਨ ਵੀ ਸਨ। ਤੀਸਤਾ ਸੀਤਲਵਾੜ ਵਰਗੇ ਲੋਕ ਦੇਸ਼ ਭਗਤੀ ਦਾ ਮਹਿਜ਼ ਦਿਖਾਵਾ ਨਹੀਂ ਕਰਦੇ, ਬਲਕਿ ਜਿਥੇ ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਆਮ ਦੇਸ਼ ਵਾਸੀਆਂ ਲਈ ਗੋਰੇ ਬਸਤੀਵਾਦੀ ਹੁਕਮਰਾਨਾਂ ਨਾਲ ਲੜਦੀਆਂ ਰਹੀਆਂ , ਉਥੇ ਆਜ਼ਾਦੀ ਤੋਂ ਬਾਅਦ ਦੀ ਪੀੜ੍ਹੀ ਮੌਜੂਦਾ ਕਾਲੇ ਅੰਗਰੇਜ਼ਾਂ ਨਾਲ ਲੜ ਰਹੀ ਹੈ। ਸਮੱਸਿਆ ਇਹ ਹੈ ਕਿ ਇਸ ਸਮੇਂ ਗਦਾਰਾਂ ਅਤੇ ਵਾਅਦਾ ਮੁਆਫ਼ ਗਵਾਹ ਬਣਨ ਵਾਲਿਆਂ ਦੇ ਪੈਰੋਕਾਰਾਂ ਦੀ ਸਰਕਾਰ ਹੈ। ਅੰਗਰੇਜ਼ ਸਾਮਰਾਜੀਆਂ ਦੇ ਪੈਨਸ਼ਨਰਾਂ ਦੀ ਇਹ ਸੰਤਾਨ, ਜੋ ਖੁਦ ਮੰਦਰ ਦੇ ਨਾਮ ‘ਤੇ ਭੀਖ ਅਤੇ ਦਾਨ ਇੱਕਠਾ ਕਰ ਕੇ ਆਪਣਾ ਜੀਵਨ ਬਤੀਤ ਕਰ ਰਹੀ ਹੈ – ਸਮਝਦੀ ਹੈ ਕਿ ਹਰ ਕੋਈ ਸਿਰਫ ਪੈਸੇ ਲਈ ਹੀ ਕੰਮ ਕਰਦਾ ਹੈ ਅਤੇ ਹਰ ਕਿਸੇ ਨੂੰ ਡਰਾਇਆ ਜਾ ਸਕਦਾ ਹੈ।
ਤੀਸਤਾ ਸੀਤਲਵਾੜ ਹੋਣ ਦਾ ਮਤਲਬ ਹੈ –
ਜਨਤਕ ਜੀਵਨ ਵਿੱਚ ਇੱਕ ਅਜਿਹੀ ਬਹਾਦਰ ਔਰਤ ਦਾ ਮੌਜੂਦ ਹੋਣਾ, ਜਿਸ ਤੋਂ ਦੇਸ਼ ਦੀਆਂ ਫਿਰਕੂ ਤਾਕਤਾਂ ਅਤੇ ਉਨ੍ਹਾਂ ਦੇ ਸਭ ਤੋਂ ਵੱਡੇ ਮਾਲਕ ਵੀ ਡਰਦੇ ਹਨ। ਮੋਦੀ ਸਰਕਾਰ ਨੇ ਤੀਸਤਾ ਨੂੰ ਬਰਬਾਦ ਕਰਨ ਲਈ ਜਿੰਨੀ ਤਾਕਤ ਝੋਕ ਰੱਖੀ ਹੈ, ਉਸੇ ਤੋਂ ਤੀਸਤਾ ਦੀ ਹੋਂਦ ਤੇ ਹਸਤੀ ਦੀ ਅਹਿਮੀਅਤ ਅੰਦਾਜ਼ਾ ਹੁੰਦਾ ਹੈ। ਡਰ ਤਾਂ ਅਜਿਹਾ ਹੀ ਹੋਣਾ ਚਾਹੀਦਾ ਹੈ ਕਿ ਦੇਸ਼ ਦੀ ਅੱਧੀ ਆਬਾਦੀ ਜਿਸ ਨੂੰ ਰੱਬ ਸਮਝੀ ਬੈਠੀ ਹੋਵੇ , ਉਹ ਇਕ ਇਕੱਲੀ ਔਰਤ ਤੋਂ ਕੰਬਦਾ ਦਿਖਾਈ ਦੇਵੇ, ਚਾਹੇ ਉਸ ਦੀ ਜੇਬ ਵਿਚ ਆਈ.ਬੀ., ਸੀ.ਬੀ.ਆਈ., ਐਨ. ਐਸ. ਏ. ਆਦਿ ਤਮਾਮ ਏਜੰਸੀਆਂ ਹੋਣ ਅਤੇ ਉਹ ਸਖ਼ਤ ਸੁਰੱਖਿਆ ਦੇ ਘੇਰੇ ਵਿਚ ਪੂਰੀ ਤਰ੍ਹਾਂ ਮਹਿਫੂਜ਼ ਹੋਵੇ। ਆਰਐਸਐਸ ਦੇ ਲੋਕਾਂ ਦਾ ਸੁਭਾਅ ਹੈ ਕਿ ਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਹਰ ਵਿਅਕਤੀ, ਹਰ ਪਰਿਵਾਰ , ਹਰ ਸੰਗਠਨ ਤੇ ਹਰ ਵਿਚਾਰਧਾਰਾ ਨਾਲ ਜਮਾਂਦਰੂ ਤੌਰ ‘ਤੇ ਨਫ਼ਰਤ ਹੈ ਅਤੇ ਉਹ ਉਨ੍ਹਾਂ ਵਿਰੁੱਧ ਪ੍ਰਚਾਰ ਤੇ ਕਾਰਵਾਈ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। 1925 ਤੋਂ ਲੈ ਕੇ 1947 ਤੱਕ ਤੁਹਾਨੂੰ ਸਾਡੇ ਆਜ਼ਾਦੀ ਸੰਗਰਾਮ ਦਾ ਇੱਕ ਵੀ ਅਜਿਹਾ ਨਾਇਕ ਨਹੀਂ ਮਿਲੇਗਾ, ਜਿਸ ਦੇ ਪੱਖ ਵਿੱਚ ਆਰ.ਐਸ.ਐਸ ਦੇ ਲੋਕਾਂ ਨੇ ਕੋਈ ਲੇਖ ਲਿਖਿਆ ਹੋਵੇ ਜਾਂ ਕੋਈ ਅੰਦੋਲਨ ਕੀਤਾ ਹੋਵੇ। ਉਸ ਸਮੇਂ ਜਾਂ ਤਾਂ ਉਹ ਜਿਨਾਹ ਦੇ ਹਮ-ਖਿਆਲ ਸਨ ਅਤੇ ਜਾਂ ਉਹ ਬ੍ਰਿਟਿਸ਼ ਸਰਕਾਰ ਦੇ ਫੰਡਾਂ ‘ਤੇ ਆਜ਼ਾਦੀ ਘੁਲਾਟੀਆਂ ਦੀਆਂ ਮੁਖਬਰੀਆਂ ਕਰ ਰਹੇ ਸਨ।
ਇਕ ਚੀਜ਼ ਹੋਰ …….
ਇਹ ਨਾ ਭੁੱਲੀਏ ਕਿ ਇਹ ਸੰਸਾਰ ਤੀਸਤਾ ਸੀਤਲਵਾੜ ਵਰਗੇ ਅਦਭੁਤ ਇਨਸਾਨਾਂ ਦੀ ਮੌਜੂਦਗੀ ਕਰਕੇ ਹੀ ਖੂਬਸੂਰਤ ਹੈ !!