ਨਾਬਾਲਿਗ ਗੱਡੀ ਚਾਲਕ ਤੇ ਉਸ ਦੇ ਮਾਪਿਆਂ ਖ਼ਿਲਾਫ਼ ਕਤਲ ਕੇਸ ਦਰਜ ਕਰਨ ਦੀ ਮੰਗ
ਮਾਨਸਾ, ਗੁਰਦਾਸਪੁਰ, 13 ਅਗਸਤ (ਸਰਬਜੀਤ ਸਿੰਘ)–ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਪੰਜਾਬ ਦੇ ਉਘੇ ਨਾਟਕ ਨਿਰਦੇਸ਼ਕ, ਸਕ੍ਰਿਪਟ ਲੇਖਕ, ਸੰਪਾਦਕ ਅਤੇ ਇਨਕਲਾਬੀ ਵਿਚਾਰਵਾਨ ਤਰਲੋਚਨ ਸਮਰਾਲਾ ਦੇ ਇਕ ਸੜਕ ਹਾਦਸੇ ਵਿਚ ਵਿਛੜ ਜਾਣ ‘ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨਾਂ ਦੇ ਪਰਿਵਾਰ ਤੇ ਸਨੇਹੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਪਾਰਟੀ ਦੀ ਸੂਬਾ ਕਮੇਟੀ ਵਲੋਂ ਬਿਆਨ ਜਾਰੀ ਕਰਦਿਆਂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਹੈ ਕਿ ਤਰਲੋਚਨ ਸਮਰਾਲਾ ਦਾ ਬੇਵਕਤ ਦੇਹਾਂਤ ਪੰਜਾਬ ਦੇ ਚਿੰਤਨ ਤੇ ਸਭਿਆਚਾਰਕ ਖੇਤਰ ਲਈ ਇਕ ਵੱਡਾ ਘਾਟਾ ਹੈ। ਉਨਾਂ ਲੁਧਿਆਣਾ ਦੇ ਐਸਐਸਪੀ ਤੋਂ ਮੰਗ ਕੀਤੀ ਕਿ ਇਸ ਹਾਦਸੇ ਦੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਇਹ ਸੂਚਨਾ ਸਹੀ ਪਾਈ ਜਾਂਦੀ ਹੈ ਕਿ ਹਾਦਸਾ ਕਰਨ ਵਾਲੀ ਥਾਰ ਗੱਡੀ ਨੂੰ ਇਕ ਨਾਬਾਲਿਗ ਚਲਾ ਰਿਹਾ ਸੀ, ਜਿਸ ਕੋਲ ਡਰਾਈਵਿੰਗ ਲਾਈਸੈਂਸ ਵੀ ਨਹੀਂ ਸੀ, ਤਾਂ ਉਸ ਨਾਬਾਲਿਗ ਅਤੇ ਉਸ ਨੂੰ ਆਣ ਅਧਿਕਾਰਤ ਤੌਰ ‘ਤੇ ਸੜਕ ‘ਤੇ ਗੱਡੀ ਚਲਾਉਣ ਦੀ ਇਜਾਜ਼ਤ ਦੇਣ ਦੇ ਦੋਸ਼ ਵਿਚ ਉਸ ਦੇ ਮਾਪਿਆਂ ਖ਼ਿਲਾਫ਼ ਵੀ ਕਤਲ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਿਕ ਸਖਤ ਸਜ਼ਾ ਦਿਵਾਈ ਜਾਵੇ। ਤਾਂ ਜੋ ਅਪਣੇ ਲਾਡਲਿਆਂ ਨੂੰ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਤੋਂ ਸਖ਼ਤੀ ਨਾਲ ਨਾ ਰੋਕਣ ਵਾਲੇ ਸਾਰੇ ਮਾਪਿਆਂ ਨੂੰ ਇਕ ਸਖ਼ਤ ਸੰਦੇਸ਼ ਮਿਲ ਸਕੇ।
ਨਮਿਤ ਵਿਸ਼ਾਲ ਸ਼ਰਧਾਂਜਲੀ ਸਮਾਗਮ 20 ਅਗਸਤ ਨੂੰ
ਮਾਸਟਰ ਤਰਲੋਚਨ ਸਮਰਾਲਾ ਦੇ ਅੰਤਮ ਸੰਸਕਾਰ ਮੌਕੇ ਹੋਰਨਾਂ ਤੋਂ ਸਿਵਾ ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਜਸਬੀਰ ਕੌਰ ਨੱਤ, ਸ਼ਾਇਰ ਰਾਜਵਿੰਦਰ ਮੀਰ, ਉਘੇ ਮਰਹੂਮ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਪਰਿਵਾਰ ਵਲੋਂ ਬਿੱਟੂ ਮਾਨਸਾ, ਬਲਵਿੰਦਰ ਸਿੰਘ ਚਾਹਲ ਅਤੇ ਡੀਟੀਐਫ ਆਗੂ ਗੁਰਪਿਆਰ ਸਿੰਘ ਕੋਟਲੀ ਵੀ ਹਾਜ਼ਰ ਸਨ, ਜਿੰਨਾਂ ਨੇ ਸਨਮਾਨ ਵਜੋਂ ਪਾਰਟੀ ਦਾ ਲਾਲ ਝੰਡਾ ਵੀ ਤਰਲੋਚਨ ਸਮਰਾਲਾ ਦੀ ਦੇਹ ਉਤੇ ਪਾਇਆ। ਪਰਿਵਾਰ ਤੇ ਜਥੇਬੰਦੀਆਂ ਵਲੋਂ ਤਹਿ ਕੀਤਾ ਗਿਆ ਕਿ ਉਨਾਂ ਨਮਿਤ ਵਿਸ਼ਾਲ ਸ਼ਰਧਾਂਜਲੀ ਸਮਾਗਮ 20 ਅਗਸਤ ਨੂੰ ਸਮਰਾਲਾ ਵਿਖੇ ਹੋਵੇਗਾ।