ਸੂਬਾਈ ਪਾਰਟੀ ਵਰਕਸ਼ਾਪ ਦੀ ਮੀਟਿੰਗ ਸੰਪਨ
ਨਸ਼ਾ ਵਿਰੋਧੀ ਅੰਦੋਲਨ ਬਾਰੇ ਮਾਨ ਸਰਕਾਰ ਅਤੇ ਆਪ ਦੀ ਖਾਮੋਸ਼ੀ ਸ਼ੱਕੀ
ਮਾਨਸਾ, ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)– ਦਲਿਤਾਂ ਔਰਤਾਂ ਉਤੇ ਜਬਰ ਤੇ ਹਮਲਿਆਂ ਦੀਆਂ ਵੱਧ ਰਹੀਆਂ ਵਾਰਦਾਤਾ ਅਤੇ ਦੇਸ਼ ਦੇ ਕਈ ਹਿੱਸਿਆਂ ਵਿਚ ਤਿੱਖੇ ਹੋ ਰਹੇ ਸਮਾਜਿਕ ਟਕਰਾਅ ਤੇ ਦੰਗਿਆਂ ਤੋਂ ਜ਼ਾਹਰ ਹੈ ਕਿ ਬੀਜੇਪੀ ਨੇ ਲੋਕ ਸਭਾ ਚੋਣਾਂ ਲਈ ਅਪਣੀ ਮੁਹਿੰਮ ਆਰੰਭ ਦਿੱਤੀ ਹੈ – ਇਹ ਗੱਲ ਸੀਪੀਆਈ (ਐਮ ਐਲ) ਲਿਬਰੇਸ਼ਨ ਵਲੋਂ ਇਥੇ ਹੋਈ ਅਪਣੀ ਸੂਬਾ ਕਮੇਟੀ ਮੀਟਿੰਗ ਤੋਂ ਬਾਅਦ ਅੱਜ ਇਥੇ ਜਾਰੀ ਇਕ ਬਿਆਨ ਵਿਚ ਕਹੀ ਗਈ ਹੈ। ਮੀਟਿੰਗ ਤੋਂ ਪਹਿਲਾਂ ਪਾਰਟੀ ਦੇ ਮੋਢੀ ਇਨਕਲਾਬੀ ਆਗੂਆਂ ਕਾਮਰੇਡ ਚਾਰੂ ਮੌਜੂਮਦਾਰ ਅਤੇ ਬਾਬਾ ਬੂਝਾ ਸਿੰਘ ਦੇ ਸ਼ਹਾਦਤ ਦਿਵਸ 28 ਜੁਲਾਈ ਤੋਂ ਮਾਨਸਾ ਵਿਖੇ ਹੀ ਪਾਰਟੀ ਦੇ ਨੀਤੀ ਦਸਤਾਵੇਜ਼ਾਂ ਬਾਰੇ ਇਕ ਤਿੰਨ ਰੋਜ਼ਾ ਸੂਬਾ ਪੱਧਰੀ ਵਰਕਸ਼ਾਪ ਵੀ ਜਥੇਬੰਦ ਕੀਤੀ ਗਈ ।
ਸੂਬਾਈ ਪਾਰਟੀ ਵਰਕਸ਼ਾਪ ਦੀ ਮੀਟਿੰਗ
ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਸੂਬਾ ਦਫ਼ਤਰ ਬਾਬਾ ਬੂਹਾ ਸਿੰਘ ਭਵਨ ਵਿਖੇ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਹੜ੍ਹਾਂ ਤੋਂ ਸੂਬੇ ਦੇ ਬਚਾਅ ਦੇ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ, ਜਿਸ ਕਾਰਨ ਫਸਲਾਂ, ਜ਼ਮੀਨ, ਮਕਾਨਾਂ ਤੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਹੈ। ਹੁਣ ਸਰਕਾਰ ਨੂੰ 50,000/ ਪ੍ਰਤੀ ਏਕੜ ਤਬਾਹ ਹੋਈ ਫ਼ਸਲ ਲਈ, ਹੜ੍ਹਾ ਦੀ ਮਾਰ ਹੇਠ ਆਏ ਪਿੰਡਾਂ ਦੇ ਬੇਜ਼ਮੀਨੇ ਮਜ਼ਦੂਰਾਂ ਨੂੰ ਪੱਚੀ ਹਜ਼ਾਰ ਪ੍ਰਤੀ ਪਰਿਵਾਰ ਅਤੇ ਮਕਾਨਾਂ ਤੇ ਪਸ਼ੂਆਂ ਦੇ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਜਲਦੀ ਦੇਣਾ ਚਾਹੀਦਾ ਹੈ, ਤਾਂ ਕਿ ਉਹ ਲੋਕ ਮੁੜ ਪੈਰਾਂ ਸਿਰ ਹੋ ਸਕਣ। ਉਨਾਂ ਮਾਨਸਾ ਤੋਂ ਮਾਰੂ ਨਸ਼ਿਆਂ ਦੇ ਖਿਲਾਫ ਸ਼ੁਰੂ ਹੋਏ ਨਸ਼ਾ ਵਿਰੋਧੀ ਅੰਦੋਲਨ ਦਾ ਡੱਟਵਾਂ ਸਮਰਥਨ ਕਰਨ ਦਾ ਐਲਾਨ ਕੀਤਾ, ਉਥੇ ਇਸ ਮੁੱਦੇ ‘ਤੇ ਆਮ ਆਦਮੀ ਪਾਰਟੀ ਅਤੇ ਮਾਨ ਸਰਕਾਰ ਦੀ ਭੇਤਭਰੀ ਖਾਮੋਸ਼ੀ ਅਤੇ ਪੰਜਾਬ ਪੁਲਸ ਵਲੋਂ ਇਹ ਮੁਹਿੰਮ ਚਲਾ ਰਹੇ ਨੌਜਵਾਨਾਂ ਖਿਲਾਫ ਝੂਠੇ ਕੇਸ ਪਾਉਣ, ਜੇਲ ਭੇਜਣ ਅਤੇ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦੀ ਸਖ਼ਤ ਆਲੋਚਨਾ ਕੀਤੀ। ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਅਪਣੇ ਚੋਣ ਵਾਦਿਆ ਮੁਤਾਬਿਕ ਆਪ ਸਰਕਾਰ ਕਰੀਬ ਡੇਢ ਸਾਲ ਬੀਤਣ ਦੇ ਬਾਵਜੂਦ ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਣ ਬਾਰੇ ਬਿਲਕੁਲ ਖਾਮੋਸ਼ ਹੈ।
ਪਟਿਆਲਾ ਜਿਲੇ ਦੇ ਪਿੰਡ ਮੰਤੌੜ ਵਿਖੇ ਅਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਲੈਣ ਲਈ ਸੰਘਰਸ਼ ਕਰ ਰਹੇ 17 ਦਲਿਤ ਮਜ਼ਦੂਰਾਂ ਨੂੰ ਝੂਠੇ ਕੇਸ ਵਿਚ ਜੇਲ ਬੰਦ ਕੀਤਾ ਹੋਇਆ ਹੈ, ਪਹਿਲਾਂ ਅੰਦੋਲਨਕਾਰੀ ਮਜਦੂਰ ਮਰਦ ਔਰਤਾਂ ਉਤੇ ਅਣਮਨੁੱਖੀ ਜਬਰ ਵੀ ਕੀਤਾ ਗਿਆ। ਮੁੱਖ ਮੰਤਰੀ ਕੋਲ ਬਿਆਨਬਾਜ਼ੀ ਲਈ ਤਾਂ ਖੁੱਲਾ ਸਮਾਂ ਹੈ, ਪਰ ਸਾਂਝੇ ਮਜਦੂਰ ਮੋਰਚੇ ਦੀਆਂ ਮੰਗਾਂ ਸਬੰਧੀ ਮੀਟਿੰਗ ਲਈ ਕੋਈ ਸਮਾਂ ਨਹੀਂ। ਕੇਂਦਰ ਸਰਕਾਰ ਰਾਜਧਾਨੀ ਚੰਡੀਗੜ੍ਹ ਉਤੇ ਪੰਜਾਬ ਦੇ ਹੱਕ ਨੂੰ ਨਜ਼ਰ ਅੰਦਾਜ਼ ਕਰਕੇ ਉਥੇ ਹਰਿਆਣਾ ਨੂੰ ਅਪਣੀ ਸਕੱਤਰੇਤ ਉਸਾਰਨ ਲਈ ਜਗ੍ਹਾ ਅਲਾਟ ਕਰ ਰਹੀ ਹੈ, ਚੰਡੀਗੜ੍ਹ ਪ੍ਰਸ਼ਾਸਨ ਬਾਹਰੋਂ ਜਾਣ ਵਾਲੇ ਸਾਰੇ ਵਹੀਕਲਾਂ ਤੋਂ ਦੁਗਣੀ ਪਾਰਕਿੰਗ ਫੀਸ ਵਸੂਲਣ ਲੱਗਾ ਹੈ, ਪਰ ਇੰਨਾ ਮਨਮਾਨੀਆਂ ਖਿਲਾਫ ਮਾਨ ਸਰਕਾਰ ਸੂਬੇ ਦੀਆਂ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਕੋਈ ਕਾਰਗਰ ਜਵਾਬੀ ਐਕਸ਼ਨ ਕਰਨ ਤੋਂ ਨਾਕਾਮ ਸਾਬਤ ਹੋਈ ਹੈ। ਹਾਲਾਂਕਿ ਸੀਪੀਆਈ (ਐਮ ਐਲ) ਨੇ ਬਾਕੀ ਖੱਬੀਆਂ ਪਾਰਟੀਆਂ ਨਾਲ ਮਿਲ ਕੇ ਆਵਾਜ਼ ਉਠਾਈ ਹੈ ਅਤੇ ਜਲੰਧਰ ਵਿਖੇ ਇਕ ਸੂਬਾ ਪੱਧਰੀ ਸਾਂਝੀ ਕਨਵੈਨਸ਼ਨ ਵੀ ਜਥੇਬੰਦ ਕੀਤੀ ਹੈ। ਜਨਤਾ ਦੇ ਭੱਖਦੇ ਮੁੱਦਿਆਂ ਬਾਰੇ ਸਾਡੀ ਪਾਰਟੀ ਜਮੀਨੀ ਪੱਧਰ ਉਤੇ ਲਗਾਤਾਰ ਲਾਮਬੰਦੀ ਕਰ ਰਹੀ ਹੈ। ਮੀਟਿੰਗ ਵਿਚ ਕੇਂਦਰ ਵਲੋਂ ਸੂਬੇ ਦੇ ਇੰਚਾਰਜ ਕਾਮਰੇਡ ਪਰਸ਼ੋਤਮ ਸ਼ਰਮਾ ਵੀ ਹਾਜ਼ਰ ਸਨ।
ਮੀਟਿੰਗ ਵਲੋਂ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਕਿ ਬੀਤੇ ਤਿੰਨ ਮਹੀਨਿਆਂ ਤੋਂ ਮਨੀਪੁਰ ਵਿਚ ਫਿਰਕੂ ਧਰੁਵੀਕਰਨ ਦੇ ਜ਼ਰੀਏ ਬਹੁਗਿਣਤੀ ਦੀਆਂ ਵੋਟਾਂ ਹਾਸਲ ਕਰਨ ਦੀ ਬੀਜੇਪੀ ਦੀ ਫਾਸਿਸਟ ਪਹੁੰਚ ਦੇ ਤਹਿਤ ਹੀ ਸੂਬਾਈ ਹਕੂਮਤ ਦੀ ਸਰਪ੍ਰਸਤੀ ਹੇਠ ਘੱਟਗਿਣਤੀ ਕੁੱਕੀ ਜੋਅ ਆਦਿਵਾਸੀ ਭਾਈਚਾਰੇ ਦੇ ਨਸਲੀ ਘਾਣ ਦੀ ਜਥੇਬੰਦ ਮੁਹਿੰਮ ਚੱਲ ਰਹੀ ਹੈ। ਥਾਣਿਆਂ ਵਿਚੋਂ ਮੈਤੇਈ ਦੰਗਾਕਾਰੀਆਂ ਨੂੰ ਭਾਰੀ ਗਿਣਤੀ ਵਿਚ ਆਧੁਨਿਕ ਬਾਰੂਦੀ ਹਥਿਆਰ “ਲੁੱਟਵਾ” ਦਿੱਤੇ ਗਏ। ਨਤੀਜਾ ਕੁੱਕੀ ਬੱਚੇ ਤੇ ਨੌਜਵਾਨ ਮਾਰੇ ਜਾ ਰਹੇ ਹਨ,ਔਰਤਾਂ ਨਾਲ ਸਮੂਹਕ ਬਲਾਤਕਾਰ ਹੋ ਰਹੇ ਹਨ, ਉਨ੍ਹਾਂ ਨੂੰ ਨਿਰਵਸਤਰ ਕਰਕੇ ਖੁੱਲੇਆਮ ਜ਼ਲੀਲ ਕੀਤਾ ਜਾ ਰਿਹਾ ਹੈ, ਉਨਾਂ ਦੇ ਘਰ ਦੁਕਾਨਾਂ ਤੇ ਪਿੰਡ ਸਾੜੇ ਜਾ ਰਹੇ ਹਨ। ਮਨੀਪੁਰ ਸਰਕਾਰ ਨੇ ਇਸ ਤਬਾਹੀ ਤੇ ਸਚਾਈ ਨੂੰ ਦੇਸ਼ ਦੁਨੀਆ ਤੱਕ ਪਹੁੰਚਣਾ ਰੋਕਣ ਲਈ ਇੰਟਰਨੈਟ ਬੰਦ ਕਰ ਰਖਿਆ ਹੈ ਅਤੇ ਪ੍ਰਧਾਨ ਮੰਤਰੀ ਨੇ ਇਸ ਬਾਰੇ ਸੰਸਦ ਦੇ ਅੰਦਰ ਜਾਂ ਬਾਹਰ ਕੁਝ ਬੋਲਣ ਦੀ ਥਾਂ ਜ਼ੁਬਾਨ ਨੂੰ ਤਾਲਾ ਲਾਇਆ ਹੋਇਆ ਹੈ। ਇਹ ਵਰਤਾਰਾ ਮਨੀਪੁਰ ਤੱਕ ਸੀਮਤ ਨਹੀਂ, ਕੱਲ ਇਕ ਬਦਮਾਸ਼ ਤੇ ਭਗੋੜੇ ਕਾਤਲ ਬਜਰੰਗ ਦਲੀਏ ਮੋਨੂੰ ਮਾਨੇਸਰ ਨੂੰ ਮੂਹਰੇ ਲਾ ਕੇ ਹਰਿਆਣਾ ਵਿਚ ਸੰਘਣੀ ਮੁਸਲਿਮ ਵਜੋਂ ਵਾਲੇ ਮੈਵਾਤ ਅਤੇ ਗੁੜਗਾਉਂ ਜ਼ਿਲਿਆਂ ਨੂੰ ਵੀ ਦੰਗੇ ਤੇ ਭਾਰੀ ਸਾੜਫੂਕ ਦਾ ਸ਼ਿਕਾਰ ਬਣਾ ਦਿੱਤਾ ਗਿਆ ਹੈ। ਇਹ ਸਭ ਕੁਝ ਮੋਦੀ ਸਰਕਾਰ ਸਾਰੀਆਂ ਮੁੱਖ ਵਿਰੋਧੀ ਪਾਰਟੀਆਂ ਵਲੋਂ ਮਿਲ ਕੇ ਬਣਾਏ “ਇੰਡੀਆ” ਨਾਮਕ ਗੱਠਜੋੜ ਕਾਰਨ ਅਪਣੀ ਕਰਨਾਟਕ ਵਰਗੀ ਸਪਸ਼ਟ ਹਾਰ ਦੇ ਡਰ ਕਾਰਨ ਕਰਵਾ ਰਹੀ ਹੈ, ਪਰ ਇਹ ਘਾਤਕ ਸਾਜ਼ਿਸਾਂ ਉਸ ਨੂੰ ਆਉਂਦੀਆਂ ਲੋਕ ਸਭਾ ਚੋਣ ਵਿਚ ਮੂਧੇ ਮੂੰਹ ਡਿਗਣੋਂ ਬਚਾਉਣ ਦੀ ਬਜਾਏ, ਹੋਰ ਵੀ ਬਦਨਾਮੀ ਤੇ ਨਿਖੇੜੇ ਵੱਲ ਧੱਕਣਗੀਆਂ।
ਮੀਟਿੰਗ ਵਿਚ ਸੁਖਦਰਸ਼ਨ ਸਿੰਘ ਨੱਤ, ਗੁਲਜ਼ਾਰ ਸਿੰਘ, ਗੁਰਪ੍ਰੀਤ ਸਿੰਘ ਰੂੜੇਕੇ, ਜਸਬੀਰ ਕੌਰ ਨੱਤ, ਨਛੱਤਰ ਸਿੰਘ ਖੀਵਾ, ਬਲਵਿੰਦਰ ਕੌਰ ਖਾਰਾ, ਜਸਬੀਰ ਕੌਰ ਹੇਰ, ਬਲਬੀਰ ਸਿੰਘ ਝਾਮਕਾ, ਸੁਖਦੇਵ ਸਿੰਘ ਭਾਗੋਕਾਵਾਂ, ਗੁਰਨਾਮ ਸਿੰਘ ਭੀਖੀ, ਗੁਰਜੰਟ ਸਿੰਘ ਮਾਨਸਾ, ਗੋਬਿੰਦ ਛਾਜਲੀ, ਗੁਰਮੀਤ ਸਿੰਘ ਨੰਦਗੜ੍ਹ, ਹਰਮਨਦੀਪ ਹਿੰਮਤਪੁਰਾ, ਸੁਰਿੰਦਰ ਪਾਲ ਸ਼ਰਮਾ ਅਤੇ ਵਿੰਦਰ ਅਲਖ ਸ਼ਾਮਲ ਸਨ।