ਦਰਬਾਰ ਸ੍ਰੀ ਪੰਡੋਰੀ ਧਾਮ ਨੇ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਮੁੱਖ ਮੰਤਰੀ ਰਾਹਤ ਕੋਸ਼ ਵਿੱਚ 5 ਲੱਖ ਰੁਪਏ ਦਾ ਯੋਗਦਾਨ ਪਾਇਆ

ਗੁਰਦਾਸਪੁਰ

ਮਹੰਤ ਸ੍ਰੀ ਰਘੁਬੀਰ ਦਾਸ ਵੱਲੋਂ ਸਹਾਇਤਾ ਰਾਸ਼ੀ ਦਾ ਚੈੱਕ ਚੇਅਰਮੈਨ ਰਮਨ ਬਹਿਲ ਨੂੰ ਸੌਂਪਿਆ

ਹੜ੍ਹ ਪੀੜ੍ਹਤਾਂ ਦੀ ਮਦਦ ਲਈ ਹਰ ਸਮਰੱਥ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ – ਮਹੰਤ ਰਘੁਬੀਰ ਦਾਸ

ਚੇਅਰਮੈਨ ਰਮਨ ਬਹਿਲ ਨੇ ਦਰਬਾਰ ਸ੍ਰੀ ਪੰਡੋਰੀ ਧਾਮ ਦਾ ਧੰਨਵਾਦ ਕੀਤਾ

ਗੁਰਦਾਸਪੁਰ, 24 ਜੁਲਾਈ (ਸਰਬਜੀਤ ਸਿੰਘ)–ਦਰਬਾਰ ਸ੍ਰੀ ਪੰਡੋਰੀ ਧਾਮ ਵੀ ਸੂਬੇ ਦੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਇਆ ਹੈ। ਦਰਬਾਰ ਸ੍ਰੀ ਪੰਡੋਰੀ ਧਾਮ ਦੇ ਮਹੰਤ ਸ੍ਰੀ ਰਘੁਬੀਰ ਦਾਸ ਜੀ ਵੱਲੋਂ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਮੁੱਖ ਮੰਤਰੀ ਪੰਜਾਬ ਰਾਹਤ ਕੋਸ਼ ਵਿੱਚ 5 ਲੱਖ ਰੁਪਏ ਦੀ ਰਾਸ਼ੀ ਦਾ ਯੋਗਦਾਨ ਪਾਇਆ ਗਿਆ ਹੈ। ਇਸ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਅੱਜ ਮਹੰਤ ਸ੍ਰੀ ਰਘੁਬੀਰ ਦਾਸ ਜੀ ਵੱਲੋਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੂੰ ਸੌਂਪਿਆ ਗਿਆ।

ਇਸ ਮੌਕੇ ਦਰਬਾਰ ਸ੍ਰੀ ਪੰਡੋਰੀ ਧਾਮ ਦੇ ਮਹੰਤ ਸ੍ਰੀ ਰਘੁਬੀਰ ਦਾਸ ਜੀ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦੇ ਕਈ ਇਲਾਕੇ ਪ੍ਰਭਾਵਤ ਹੋਏ ਹਨ ਅਤੇ ਜਿਹੜੇ ਪਰਿਵਾਰਾਂ ਨੂੰ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੈ ਉਨ੍ਹਾਂ ਦੀ ਮਦਦ ਕਰਨ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜ੍ਹਤਾਂ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹ ਸ਼ਲਾਘਾਯੋਗ ਹਨ ਪਰ ਇਸਦੇ ਨਾਲ ਸਮਾਜ ਦੇ ਹਰ ਸਮਰੱਥ ਵਿਅਕਤੀ ਦਾ ਵੀ ਫਰਜ ਬਣਦਾ ਹੈ ਕਿ ਉਹ ਇਸ ਔਖੀ ਘੜ੍ਹੀ ਵਿੱਚ ਸਾਥ ਦੇਵੇ। ਉਨ੍ਹਾਂ ਕਿਹਾ ਕਿ ਦਰਬਾਰ ਸ੍ਰੀ ਪੰਡੋਰੀ ਧਾਮ ਇਸ ਔਖੀ ਘੜ੍ਹੀ ਵਿੱਚ ਪੀੜ੍ਹਤ ਲੋਕਾਂ ਦੇ ਨਾਲ ਹੈ ਅਤੇ ਉਨ੍ਹਾਂ ਵੱਲੋਂ ਰਾਹਤ ਕਾਰਜਾਂ ਲਈ ਆਪਣੇ ਵੱਲੋਂ ਇਹ ਨਿਮਾਣਾ ਜਿਹਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਦਰਬਾਰ ਸ੍ਰੀ ਪੰਡੋਰੀ ਧਾਮ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।

ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਸ੍ਰੀ ਰਘੁਬੀਰ ਦਾਸ ਕੋਲੋਂ ਮੁੱਖ ਮੰਤਰੀ ਰਾਹਤ ਕੋਸ ਲਈ 5 ਲੱਖ ਰੁਪਏ ਦਾ ਚੈੱਕ ਹਾਸਲ ਕਰਨ ਉਪਰੰਤ ਦਰਬਾਰ ਸ੍ਰੀ ਪੰਡੋਰੀ ਧਾਮ ਦਾ ਧੰਨਵਾਦ ਕੀਤਾ। ਸ੍ਰੀ ਬਹਿਲ ਨੇ ਕਿਹਾ ਕਿ ਦਰਬਾਰ ਸ੍ਰੀ ਪੰਡੋਰੀ ਧਾਮ ਨੇ ਹਮੇਸ਼ਾਂ ਹੀ ਮਾਨਵਤਾ ਦੀ ਸੇਵਾ ਕੀਤੀ ਹੈ ਅਤੇ ਅੱਜ ਹੜ੍ਹ ਪੀੜ੍ਹਤਾਂ ਦੀ ਮਦਦ ਕਰਕੇ ਦਰਬਾਰ ਨੇ ਆਪਣੀ ਰਿਵਾਇਤ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਵੱਲੋਂ ਦਰਬਾਰ ਸ੍ਰੀ ਪੰਡੋਰੀ ਧਾਮ, ਮਹੰਤ ਸ੍ਰੀ ਰਘੁਬੀਰ ਦਾਸ ਅਤੇ ਸਮੁੱਚੀ ਸੰਗਤ ਦੇ ਧੰਨਵਾਦ ਕਰਦੇ ਹਨ।    

Leave a Reply

Your email address will not be published. Required fields are marked *