ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਭਾਜਪਾ ਨੇ ਜਾਣ-ਬੁੱਝ ਕੇ ਮਨੀਪੁਰ ਹਿੰਸਾ ‘ਤੇ ਚੁੱਪੀ ਵੱਟੀ ਰੱਖੀ: ਬਾਜਵਾ

ਪੰਜਾਬ

ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੂੰ ਹਟਾਇਆ ਜਾਣਾ ਚਾਹੀਦਾ ਹੈ ਅਤੇ ਸੂਬੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ: ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ, ਗੁਰਦਾਸਪੁਰ, 23 ਜੁਲਾਈ (ਸਰਬਜੀਤ ਸਿੰਘ)– ਮਨੀਪੁਰ ਦੀ ਇੱਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਜਿਸ ਵਿੱਚ ਕੂਕੀ ਭਾਈਚਾਰੇ – ਇੱਕ ਘੱਟ ਗਿਣਤੀ ਨਸਲੀ ਸਮੂਹ – ਨਾਲ ਸਬੰਧਿਤ ਔਰਤਾਂ ਦਾ ਯੌਨ ਸ਼ੋਸ਼ਣ ਕੀਤਾ ਗਿਆ ਸੀ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਡੁੰਗਾ ਦੁੱਖ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਚੁੱਪ ਵੱਟੀ ਰੱਖੀ ਅਤੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਸਥਿਤੀ ਨੂੰ ਹੋਰ ਵਿਗੜਨ ਦਿੱਤਾ ਕਿਉਂਕਿ ਇਸ ਦਾ ਇਰਾਦਾ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨਾ ਸੀ।

“ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੂੰ ਹਟਾਇਆ ਜਾਣਾ ਚਾਹੀਦਾ ਹੈ ਅਤੇ ਸੂਬੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਵਿੱਚ ਪੂਰੀ ਤਰਾਂ ਅਸਫਲ ਰਹੀ ਹੈ। ਕਿਉਂਕਿ ਪੁਲਿਸ ਨੇ ਹੀ ਔਰਤਾਂ ਨੂੰ ਭੀੜ ਦੇ ਹਵਾਲੇ ਕਰ ਦਿੱਤਾ ਸੀ, ਫਿਰ ਅਸੀਂ ਮਨੀਪੁਰ ਪੁਲਿਸ ਅਤੇ ਸੂਬਾ ਸਰਕਾਰ ‘ਤੇ ਕਿਵੇਂ ਭਰੋਸਾ ਕਰ ਸਕਦੇ ਹਾਂ? ਉਨ੍ਹਾਂ ਪੁਲਿਸ ਅਧਿਕਾਰੀਆਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਅਜਿਹੀ ਬੇਰਹਿਮੀ ਵਾਲੀ ਕਾਰਵਾਈ ਹੋਣ ਦਿੱਤੀ”, ਬਾਜਵਾ ਨੇ ਅੱਗੇ ਕਿਹਾ।

ਕਾਂਗਰਸ ਦੇ ਸੀਨੀਅਰ ਆਗੂ ਬਾਜਵਾ ਨੇ ਕਿਹਾ ਕਿ ਹਿੰਸਾ ਪ੍ਰਭਾਵਿਤ ਮਨੀਪੁਰ ‘ਚ ਕੂਕੀ, ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਔਰਤਾਂ ਨੂੰ ਨੰਗਾ ਕੀਤਾ ਗਿਆ, ਅਤੇ ਸਮੂਹਿਕ ਬਲਾਤਕਾਰ ਕੀਤਾ ਗਿਆ। ਫਿਰ ਵੀ, ਭਾਜਪਾ ਸਰਕਾਰ ਦੇ ਕੇਂਦਰ ਨੇ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਇਨ੍ਹਾਂ ਮੁੱਦਿਆਂ ਦਾ ਸੂਓ ਮੋਟੋ ਨੋਟਿਸ ਲੈਣ ਤੋਂ ਬਾਅਦ ਹੀ ਬੋਲਣ ਦੀ ਖੇਚਲ ਕੀਤੀ।

“ਬੇਰਹਿਮੀ ਨਾਲ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਇੱਕ ਔਰਤ ਦੇ ਪਤੀ ਨੇ ਭਾਰਤੀ ਫ਼ੌਜ ਵਿੱਚ ਸੇਵਾ ਕੀਤੀ ਹੈ ਅਤੇ ਕਾਰਗਿਲ ਯੁੱਧ ਵਿੱਚ ਭਾਰਤ ਲਈ ਲੜਾਈ ਲੜੀ ਹੈ। ਜੇ ਮਨੀਪੁਰ ਸਰਕਾਰ ਯੁੱਧ ਦੇ ਸਾਬਕਾ ਫ਼ੌਜੀਆਂ ਦੇ ਪਰਿਵਾਰਾਂ ਅਤੇ ਔਰਤਾਂ ਦੀ ਰੱਖਿਆ ਨਹੀਂ ਕਰ ਸਕੀ, ਤਾਂ ਬਾਕੀ ਲੋਕਾਂ ਦੀ ਕੀ ਸਥਿਤੀ ਹੋ ਸਕਦੀ ਹੈ”, ਬਾਜਵਾ ਨੇ ਕਿਹਾ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਭੀੜ ਨੇ ਗੈਂਗਰੇਪ ਪੀੜਤਾਂ ਵਿਚੋਂ ਇੱਕ ਦੇ ਭਰਾ ਅਤੇ ਪਿਤਾ ਦਾ ਵੀ ਕਤਲ ਕਰ ਦਿੱਤਾ ਜਦੋਂ ਉਨ੍ਹਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਬਲਾਤਕਾਰ ਨਾਲ ਸਬੰਧਿਤ ਦਰਜ ਕੀਤੀਆਂ ਗਈਆਂ ਐਫਆਈਆਰਜ਼ ਅਤੇ ਪੁਲਿਸ ਸ਼ਿਕਾਇਤਾਂ ਨੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਧੂੜ ਇਕੱਠੀ ਕੀਤੀ ਜਦਕਿ ਕਈ ਹਾਈ-ਪ੍ਰੋਫਾਈਲ ਮੀਟਿੰਗਾਂ ਅਮਨ-ਕਾਨੂੰਨ ਦੀ ਸਥਿਤੀ ‘ਤੇ ਚੱਲੀਆਂ।

Leave a Reply

Your email address will not be published. Required fields are marked *