ਨੌਜਵਾਨ ਪਰਵਿੰਦਰ ਝੋਟੇ ਨੂੰ ਜਨਤਾ ਦੀ ਨਜ਼ਰਾਂ ਵਿੱਚ ਬਦਨਾਮ ਕਰਨ ਤੇ ਲੱਗੀ ਸਰਕਾਰ ਅਤੇ ਪੁਲਸ ਪ੍ਰਸ਼ਾਸ਼ਨ, ਨਹੀਂ ਹੋਵੇਗੀ ਕਾਮਯਾਬ-ਲਿਬਰੇਸ਼ਨ ਆਗੂ

ਪੰਜਾਬ

ਸਰਕਾਰ ਅਤੇ ਪੁਲਸ ਪ੍ਰਸ਼ਾਸ਼ਨ ਦਾ ਕੀਤਾ ਗਿਆ ਪਿੱਟ ਸਿਆਪਾ

21 ਜੁਲਾਈ ਦੀ ਰੈਲੀ ‘ਚ ਉਲੀਕੀ ਜਾਵੇਗੀ ਸੰਘਰਸ਼ ਦੀ ਅਗਲੀ ਰੂਪ ਰੇਖਾ

ਮਾਨਸਾ, ਗੁਰਦਾਸਪੁਰ, 19 ਜੁਲਾਈ (ਸਰਬਜੀਤ ਸਿੰਘ)– ਮਾਨਸਾ ਵਿਚੋਂ ਉਭਰੇ ਨਸ਼ਾ ਵਿਰੋਧੀ ਅੰਦੋਲਨ ਅਤੇ ਗ੍ਰਿਫਤਾਰ ਕੀਤੇ ਨੌਜਵਾਨ ਪਰਵਿੰਦਰ ਝੋਟੇ ਨੂੰ ਆਮ ਜਨਤਾ ਦੀ ਨਜ਼ਰ ਵਿਚ ਬਦਨਾਮ ਕਰਨ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਵਲੋਂ ਸੋਸ਼ਲ ਮੀਡੀਆ ਉਤੇ ਸ਼ੁਰੂ ਕੀਤੀ ਕੂੜ ਪ੍ਰਚਾਰ ਦੀ ਮੁਹਿੰਮ ਦੀ ਇਥੇ ਪੱਕੇ ਮੋਰਚੇ ਉਤੇ ਬੋਲਣ ਵਾਲੇ ਬੁਲਾਰਿਆਂ ਨੇ ਸਖ਼ਤ ਨਿੰਦਾ ਕੀਤੀ ਹੈ। ਬੁਲਾਰਿਆਂ ਨੇ ਕਿ ਮਾਨ ਸਰਕਾਰ ਤੇ ਆਪ ਦੇ ਆਈਟੀ ਸੈਲ ਵਲੋਂ ਇਕ ਲੋਕ ਅੰਦੋਲਨ ਨੂੰ ਖਿਲਾਫ ਅਜਿਹਾ ਝੂਠਾ ਪ੍ਰਚਾਰ ਕਰਨਾ ਬੇਹੱਦ ਸ਼ਰਮਨਾਕ ਹੈ। ਬਦਲਾਅ ਦੇ ਨਾਅਰੇ ਨਾਲ ਸਤਾ ‘ਚ ਆਈ ਇਸ ਸਰਕਾਰ ਬਾਰੇ ਨੂੰ ਇਤਿਹਾਸਕ ਜਿੱਤ ਦਿਵਾਉਣ ਵਾਲੀ ਜਨਤਾ ਨੇ ਸ਼ਾਇਦ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਕੋਈ ਸਰਕਾਰ ਐਨਾ ਹੇਠ ਵੀ ਡਿੱਗ ਸਕਦੀ ਹੈ। ਇਸ ਕੂੜ ਪ੍ਰਚਾਰ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਧਰਨਾਕਾਰੀਆਂ ਨੇ ਥਾਣਾ ਸਿਟੀ – 2 ਦੇ ਸਾਹਮਣੇ ਮਾਨਸਾ ਜ਼ਿਲਾ ਪ੍ਰਸਾਸ਼ਨ ਦੀ ਅਰਥੀ ਵੀ ਸਾੜੀ ਗਈ ।

ਅੱਜ ਸਟੇਜ ਸੰਚਾਲਨ ਸੁਰਿੰਦਰ ਪਾਲ ਸ਼ਰਮਾ ਵਲੋਂ ਕੀਤਾ ਗਿਆ। ਮੋਰਚੇ ਨੂੰ ਲਿਬਰੇਸ਼ਨ ਆਗੂ ਰਾਜਵਿੰਦਰ ਸਿੰਘ ਰਾਣਾ, ਮਾਨ ਦਲ ਆਗੂ ਗੁਰਸੇਵਕ ਸਿੰਘ ਜਵਾਹਰਕੇ, ਸੀਪੀਆਈ ਆਗੂ ਕ੍ਰਿਸ਼ਨ ਚੌਹਾਨ, ਸੀਪੀਐਮ ਆਗੂ ਘਣਸਾਮ ਨਿੱਕੂ, ਸਿੱਧੂ ਮੂਸੇਵਾਲਾ ਦੇ ਚਾਚਾ ਚਮਕੌਰ ਸਿੰਘ, ਬਸਪਾ ਆਗੂ ਭੁਪਿੰਦਰ ਬੀਰਵਾਲ, ਟੈਂਪੂ ਯੂਨੀਅਨ ਬਲਵਿੰਦਰ ਸਿੰਘ, ਬਾਬਾ ਬੂਝਾ ਸਿੰਘ ਟਰੱਸਟ ਦੇ ਚੇਅਰਮੈਨ ਕਾਮਰੇਡ ਨਛੱਤਰ ਸਿੰਘ ਖੀਵਾ, ਬੀਕੇਯੂ ਕ੍ਰਾਂਤੀਕਾਰੀ ਵਲੋਂ ਗੁਰਮੇਲ ਸਿੰਘ ਅਸਪਾਲ, ਡਾਕਟਰ ਮਨਜੀਤ ਰਾਣਾ, ਐਡਵੋਕੇਟ ਕੁਲਦੀਪ ਪਰਮਾਰ ਤੇ ਜਗਤਾਰ ਸਿੰਘ ਧਾਲੀਵਾਲ, ਔਰਤ ਆਗੂ ਜਸਬੀਰ ਕੌਰ ਨੱਤ, ਭਾਰਤ ਮੁਕਤੀ ਮੋਰਚਾ ਵਲੋਂ ਜਸਵੰਤ ਸਿੰਘ, ਬੀਕੇਯੂ ਡਕੌਂਦਾ ਵਲੋਂ ਮੱਖਣ ਸਿੰਘ ਜੋਗਾ, ਮੋਗਾ ਤੋਂ ਆਏ ਸਰਪੰਚ ਹਰਭਜਨ ਸਿੰਘ ਬਹੋਨਾ, ਸੀਰਾ ਢਿੱਲੋਂ , ਬਲਵਿੰਦਰ ਸਿੰਘ ਖਿਆਲੀ ਚਾਹਿਲਾਂਵਾਲੀ, ਜੱਸੀ ਖਾਲਸਾ ਅਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਗਗਨ ਖੜਕ ਸਿੰਘ ਵਾਲਾ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਕਿਹਾ ਕਿ ਪੁਲਸ ਪਰਵਿੰਦਰ ਝੋਟਾ ਦਾ ਡੋਪ ਟੈਸਟ ਪਾਜੇਟਿਵ ਹੋਣ ਅਤੇ ਬੀਤੇ ਸਮੇਂ ‘ਚ ਉਸ ਵਲੋਂ ਮੈਡੀਕਲ ਹਾਲ ਵਾਲਿਆਂ ਤੋਂ ਪੈਸੇ ਵਸੂਲਣ ਦਾ ਕੂੜ ਪ੍ਰਚਾਰ ਕਰਨ ਲਈ ਸੋਸ਼ਲ ਮੀਡੀਆ ‘ਤੇ ਕੁਝ ਪੋਸਟਾਂ ਵਾਇਰਲ ਕਰ ਰਹੀ ਹੈ। ਜਦੋਂ ਕਿ ਪਰਵਿੰਦਰ ਖੁਦ ਇਹ ਗੱਲ ਅਕਸਰ ਖੁੱਲੇਆਮ ਬੋਲਦਾ ਰਿਹਾ ਹੈ ਕਿ ਉਹ ਇਸ ਸਾਲ ਮਾਰਚ – ਅਪ੍ਰੈਲ ਤੱਕ ਨਸ਼ਿਆਂ ਦਾ ਸ਼ਿਕਾਰ ਰਿਹਾ ਹੈ। ਵਾਇਰਲ ਸੀਸੀਟੀਵੀ ਫੁਟੇਜ਼ ਵਿਚ ਉਹ ਮਾਨਸਾ ਦੇ ਇਕ ਮੈਡੀਕਲ ਹਾਲ ਤੋਂ ਨਸ਼ੀਲੀਆਂ ਗੋਲੀਆਂ/ਸ਼ੀਸ਼ੀਆਂ ਖਰੀਦਦਾ, ਪੈਸੇ ਦਿੰਦਾ ਅਤੇ ਬਕਾਇਆ ਵਾਪਸ ਲੈਂਦਾ ਨਜ਼ਰ ਆ ਰਿਹਾ ਹੈ, ਜਿਵੇਂ ਕਿ ਦੁਕਾਨ ‘ਤੇ ਜਾਣ ਵਾਲਾ ਹਰ ਗਾਹਕ ਕਰਦਾ ਹੈ। ਫੇਰ ਇੰਨਾਂ ਤਿੰਨ ਵੱਖ ਵੱਖ ਦਿਨਾਂ ਦੀ ਪੁਰਾਣੀ ਫੁਟੇਜ ਤੋਂ ਫਿਰੌਤੀ ਲੈਣ ਵਾਲੀ ਗੱਲ ਕਿਵੇਂ ਸਾਬਤ ਹੋਈ? ਅਗਲੀ ਗੱਲ ਕੀ ਉਸ ਦੁਕਾਨਦਾਰ ਨੇ ਇਸ ਬਾਰੇ ਪੁਲਸ ਨੂੰ ਕੋਈ ਸ਼ਿਕਾਇਤ ਦਿੱਤੀ? ਬੁਲਾਰਿਆਂ ਨੇ ਕਿਹਾ ਕਿ ਜੇਕਰ ਡੋਪ ਟੈਸਟ ਕਰਵਾਉਣ ਹੈ, ਤਾਂ ਉਹ ਨਿਰਪੱਖ ਤੌਰ ‘ਤੇ ਤਿੰਨ ਡਾਕਟਰਾਂ ਦੇ ਪੈਨਲ ਤੋਂ ਕਰਵਾਉਣ ਨਾਲ ਹੀ ਸੱਚ ਸਾਹਮਣੇ ਆ ਸਕਦਾ ਹੈ। ਇਹ ਐਲਾਨ ਕੀਤਾ ਗਿਆ ਕਿ ਇੰਨਾਂ ਸਾਜ਼ਿਸ਼ਾਂ ਦਾ ਜਵਾਬ 21 ਜੁਲਾਈ ਦੀ ਰੈਲੀ ਰਾਹੀਂ ਦਿੱਤਾ ਜਾਵੇਗਾ।

Leave a Reply

Your email address will not be published. Required fields are marked *