ਗੁਰਦਾਸਪੁਰ, 16 ਜੁਲਾਈ (ਸਰਬਜੀਤ ਸਿੰਘ)– ਅੱਜ ਇੱਥੇ ਪਿੰਡ ਭਾਮ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਰੈਲੀ ਕਰਕੇ ਲੋਕ ਮਸਲਿਆਂ ਦੇ ਹੱਲ ਲਈ ਵੱਡੇ ਸੰਘਰਸ਼ ਦੀ ਤਿਆਰੀ ਦੀ ਸ਼ੁਰੂਆਤ ਕੀਤੀ। ਇਸ ਸਮੇਂ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਦਲਬੀਰ ਭੋਲਾ, ਮੋਰਚੇ ਦੇ ਸੂਬਾ ਮੀਤ ਸਕੱਤਰ ਵਿਜੇ ਕੁਮਾਰ ਸੋਹਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਦਾ ਹੜਾ ਦੀ ਲਪੇਟ ਵਿਚ ਆਉਣ ਦਾ ਕਾਰਨ ਨਹਿਰਾਂ, ਡਰੇਨਾਂ, ਨਾਲਿਆਂ ਦੀ ਸਫ਼ਾਈ ਨਾ ਕਰਨਾ ਅਤੇ ਦਰਿਆਵਾਂ ਦੇ ਸਮੇਂ ਸਿਰ ਕਿਨਾਰਿਆਂ ਨੂੰ ਮਜ਼ਬੂਤ ਨਾਂ ਕਰਨ ਕਰਕੇ ਕੁਦਰਤੀ ਵਰਤਾਰੇ ਦੇ ਨਾਲ ਨਾਲ ਸਰਕਾਰ ਦੀ ਨਲਾਇਕੀ ਜ਼ੁਮੇਵਾਰ ਹੈ। ਰੈਲੀ ਵਿਚ ਕੁੱਝ ਧਨਾਡ ਕਿਸਾਨਾਂ ਉਪਰ ਗਰੀਬ ਘਰਾਂ ਦੇ ਗੰਦੇ ਪਾਣੀ ਦੇ ਨਿਕਾਸੀ ਨਾਲ਼ੇ ਉਪਰ ਨਜਾਇਜ਼ ਕਬਜ਼ਾ ਕਰਨ ਦਾ ਦੋਸ ਲਾਉਂਦਿਆਂ ਇਸ ੳਕਬਜੇ ਨੂੰ ਛਡਾਉਣ ਦੀ ਮੰਗ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਲਾਲ ਲਕੀਰ ਦੇ ਅੰਦਰ ਆਉਂਦੇ ਮਜ਼ਦੂਰ ਘਰਾਂ ਨੂੰ ਮਾਲ ਵਿਭਾਗ ਨੰਬਰ ਅਲਾਟ ਕਰੇ, ਮਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ, ਦਹਾਕਿਆਂ ਤੋਂ ਬੰਦ ਪਈ ਟਾਚੀ ਨੂੰ ਚਾਲੂ ਕੀਤਾ ਜਾਵੇ , ਪਿੰਡਾਂ ਦੇ ਗੜਿਆਂ ਤੋਂ ਨਜਾਇਜ਼ ਕਬਜ਼ਾ ਛੁਡਵਾਇਆ ਜਾਵੇ। ਰੈਲੀ ਵਿਚ ਮੱਤਾ ਪਾਸ ਕੀਤਾ ਗਿਆ ਕਿ ਕੇਂਦਰ ਸਰਕਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚੋਂ ਹਰਿਆਣਾ ਨੂੰ ਵਿਧਾਨ ਸਭਾ ਬਨਾਉਣ ਲਈ ਜ਼ਮੀਨ ਦੇਣ ਦਾ ਫੈਸਲਾ ਰੱਦ ਕਰੇ। ਰੈਲੀ ਵਿਚ ਸੋਨੀ, ਜਸਵੰਤ ਸਿੰਘ ਜਸਾ,ਮਹਿਗਾ, ਗੁਰਨਾਮ ਸਿੰਘ,ਧਰਮ ਪਾਲ, ਤਰਲੋਕ ਸਿੰਘ,ਦਰਸਨ ਸਿੰਘ ਅਤੇ ਰਵਿੰਦਰ ਸਿੰਘ ਸਾਮਲ ਸਨ।


