ਚੰਡੀਗੜ੍ਹ, ਗੁਰਦਾਸਪੁਰ, 13 ਜੁਲਾਈ (ਸਰਬਜੀਤ ਸਿੰਘ)–ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਮੀਟਿੰਗ ਤੋਂ ਬਾਅਦ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਪੰਜਾਬ ਦਾ ਪਾਣੀ ਖੋਹ ਕੇ ਹੋਰਨਾਂ ਰਾਜਾਂ ਨੂੰ ਧੱਕੇ ਨਾਲ ਦੇ ਰਿਹਾ ਹੈ। ਪੰਜਾਬ ਦੇ 20 ਉਂ ਫੀਸਦੀ ਰਕਬੇ ਨੂੰ ਵੀ ਨਹਿਰੀ ਪਾਣੀ ਨਹੀਂ ਪਹੁੰਚਿਆ। ਹੁਣ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਜਦੋਂ ਦਰਿਆਵਾਂ ਵਿੱਚ ਵਾਧੂ ਪਾਣੀ ਛੱਡਣ ਦੀ ਨੌਬਤ ਆਈ ਤਾਂ ਇਸ ਦੀ ਮਾਰ ਹੇਠ ਕੁਝ ਹਿੱਸਾ ਹਿਮਾਚਲ ਅਤੇ ਬਹੁਤ ਵੱਡਾ ਹਿੱਸਾ ਪੰਜਾਬ ਦਾ ਆਇਆ। ਰੀਪੇਰੀਅਨ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਪੰਜਾਬ ਦੀ ਪਿਛਲੇ ਸਮਿਆਂ ਦੌਰਾਨ ਹੋਈ ਤਬਾਹੀ ਭੁੱਲ ਗਈ ਹੋਵੇ ਤਾਂ ਉਹ ਹੁਣ ਦੇਖ ਲੈਣ ਕੇ ਜਦੋਂ ਪਾਣੀ ਦੀ ਫਸਲਾਂ ਨੂੰ ਲੋੜ ਹੋਵੇ ਉਸ ਸਮੇਂ ਕਈ ਗੁਣਾਂ ਘੱਟ ਪਾਣੀ ਪੰਜਬ ਨੂੰ ਦਿੱਤਾ ਜਾਂਦਾ ਹੈ ਅਤੇ ਦੂਜੇ ਰਾਜਾਂ ਨੂੰ ਵਧੇਰੇ ਪਾਣੀ ਭੇਜਿਆ ਜਾਂਦਾ ਹੈ।
ਹੁਣ ਜਦੋਂ ਪੰਜਾਬ ਦੇ ਲੋਕ ਫਸਲਾਂ,ਪਸ਼ੂ ਧੰਨ,ਮਕਾਨਾਂ,ਹੋਰ ਜਾਇਦਾਦਾਂ ਦਾ ਭਾਰੀ ਨੁਕਸਾਨ ਕਰਵਾ ਕੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਤਾਂ ਫਿਰ ਕਿਉਂ ਨਾਂ ਅਸੀਂ ਪੰਜਾਬ ਦੀ ਸਾਰੀ ਵਾਹੀਯੋਗ ਜ਼ਮੀਨ ਨੂੰ ਨਹਿਰੀ ਪਾਣੀ ਪਹੁੰਚਾ ਕੇ ਬਚਦਾ ਪਾਣੀ ਪੈਸੇ ਲੈ ਕੇ ਦੂਜੇ ਰਾਜਾਂ ਨੂੰ ਦੇਈਏ,ਕਿਉਂਕਿ ਸਾਨੂੰ ਕੋਈ ਰਾਜ ਕੋਲਾ ਜਾਂ ਸੰਗਮਰਮਰ ਆਦਿ ਮੁਫ਼ਤ ਨਹੀਂ ਦਿੰਦੇ।
ਭੋਜਰਾਜ ਨੇ ਅੱਗੇ ਕਿਹਾ ਕਿ ਪੰਜਾਬ ਦੇ ਖੇਤ ਅਤੇ ਲੋਕ ਡੁੱਬ ਰਹੇ ਹਨ। ਲੋਕ ਆਪਣੇ ਬਲਬੂਤੇ ਅਤੇ ਕੁਝ ਸਮਾਜ ਸੇਵੀ ਜਥੇਬੰਦੀਆਂ ਦੀ ਸਹਾਇਤਾ ਨਾਲ ਇਸ ਆਫ਼ਤ ਦਾ ਸਾਹਮਣਾ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੂੰਹੋਂ ਪੰਜਾਬ ਦੇ ਲੋਕਾਂ ਲਈ ਰਾਹਤ ਭਰੇ ਦੋ ਲਫ਼ਜ਼ ਨਾ ਨਿਕਲਨੇ,ਇਹ ਸਾਬਤ ਕਰਦੇ ਹਨ ਕਿ ਇਨ੍ਹਾਂ ਨੂੰ ਪੰਜਾਬ ਦੇ ਵੱਡੀ ਆਫ਼ਤ ਵਿੱਚ ਫਸੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੈ।


