ਪਟਿਆਲਾ, ਗੁਰਦਾਸਪੁਰ, 6 ਜੂਨ (ਸਰਬਜੀਤ ਸਿੰਘ)–ਬੀਤੀ 3 ਜੂਨ ਨੂੰ ਪੰਜਾਬ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਦੀ ਘੱਟੋ-ਘੱਟ ਉਜਰਤਾਂ ਵਿੱਚ ਚਿਰਾਂ ਤੋਂ ਵਾਧਾ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਅਤੇ ਮਜਦੂਰ ਵਰਗ ਦੀਆਂ ਹੋਰ ਅਹਿਮ ਮੰਗਾਂ ਤੇ ਵਿਚਾਰ ਵਟਾਂਦਰਾ ਕਰਕੇ ਸੰਘਰਸ਼ ਦੀ ਵਿਊਂਤਬੰਦੀ ਕਰਨ ਲਈ ਰਾਜਪੁਰਾ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਮੁੱਖ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਵਰਕਿੰਗ ਪ੍ਰਧਾਨ ਸੁਖਦੇਵ ਸ਼ਰਮਾ ਅਤੇ ਡਿਪਟੀ ਜਨਰਲ ਸਕੱਤਰ ਅਮਰਜੀਤ ਸਿੰਘ ਆਸਲ, ਪੰਜਾਬ ਇੰਟਕ ਦੇ ਪ੍ਰਧਾਨ ਸੁਰਿੰਦਰ ਸ਼ਰਮਾ, ਸੀ.ਟੀ.ਯੂ. ਪੰਜਾਬ ਦੇ ਆਗੂ ਗੁਰਦੀਪ ਸਿੰਘ ਕਲਸੀ ਅਤੇ ਅਮਰਜੀਤ ਸਿੰਘ ਘਨੌਰ, ਐਚ.ਐਮ.ਐਸ. ਦੇ ਕੁਲਵੰਤ ਬਾਵਾ ਅਤੇ ੲੈਕਟੂ ਦੇ ਪੰਜਾਬ ਦੇ ਜਨਰਲ ਸਕੱਤਰ ਗੁਲਜਾਰ ਸਿੰਘ ਭੁੰਬਲੀ ਸ਼ਾਮਲ ਸਨ। ਮੀਟਿੰਗ ਦੀ ਪ੍ਰਧਾਨਗੀ ਸੁਰਿੰਦਰ ਸ਼ਰਮਾ ਨੇ ਕੀਤੀ।
ਮੀਟਿੰਗ ਵਿੱਚ ਚਰਚਾ ਉਪਰੰਤ ਵਰਕਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦਾ ਮੰਗ ਪੰਤਰ ਪੰਜਾਬ ਸਰਕਾਰ ਅਤੇ ਹੋਰ ਸਬੰਧਤ ਮੰਤਰੀਆਂ ਅਤੇ ਉਚ ਅਧਿਕਾਰੀਆਂ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਅਤੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਫਿਰ 14 ਜੁਲਾਈ 2023 ਨੂੰ ਮੋਹਾਲੀ ਵਿਖੇ ਲੇਬਰ ਕਮਿਸ਼ਨਰ ਦੇ ਦਫਤਰ ਦੇ ਸਾਹਮਣੇ 20 ਹਜਾਰ ਤੋਂ ਵੱਧ ਦੀ ਗਿਣਤੀ ਵਿੱਚ ਸਭ ਅਦਾਰਿਆਂ ਦੇ ਕਾਮਿਆਂ ਵਲੋਂ ਇਕੱਠੇ ਹੋ ਕੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ। ਜਿਨ੍ਹਾਂ ਮੰਗਾਂ ਨੂੰ ਲੈ ਕੇ ਇਹ ਰੈਲੀ ਕੀਤੀ ਜਾ ਰਹੀ ਹੈ ਉਨ੍ਹਾਂ ਵਿੱਚ ਘੱਟੋ—ਘੱਟ ਉਜਰਤ 26000 ਰੁਪਏ ਪ੍ਰਤੀ ਮਹੀਨਾ ਤਹਿ ਕਰਨਾ, ਲੇਬਰ ਕਾਨੂੰਨਾਂ ਦੀ ਉਲੰਘਣਾ ਸਖਤੀ ਨਾਲ ਰੋਕਣਾ ਅਤੇ ਲੇਬਰ ਕਾਨੂੰਨ ਇੰਨ ਬਿੰਨ ਲਾਗੂ ਕਰਨਾ, ਚਾਰੇ ਲੇਬਰ ਕੋਡਜ਼ ਰੱਦ ਕਰਨੇ, ਕੰਟਰੈਕਟ / ਆਊਟ ਸੋਰਸ ਵਰਕਰਾਂ ਨੂੰ ਬਿਨਾਂ ਕਿਸੇ ਭਿੰਨ ਭੇਦ ਤੋਂ ਰੈਗੂਲਰ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਮਨਰੇਗਾ ਵਰਕਰਾਂ ਦੀ ਦਿਹਾੜੀ 700/— ਰੁਪਏ ਕਰਨਾ, ਕੰਮ 200 ਦਿਨਾਂ ਤੱਕ ਦੇਣਾ ਅਤੇ ਮਨਰੇਗਾ ਸ਼ਹਿਰੀ ਖੇਤਰਾਂ ਵਿੱਚ ਵੀ ਲਾਗੂ ਕਰਨਾ, ਭੱਠਾ ਵਰਕਰਾਂ ਦੀਆਂ ਮੰਗਾਂ ਮੰਨਣਾ, ਉਸਾਰੀ ਕਿਰਤੀਆਂ ਦੀਆਂ ਮੰਗਾਂ ਮੰਨਣਾ ਅਤੇ ਵਿਸ਼ੇਸ਼ ਮੁਹਿੰਮ ਚਲਾਕੇ 10 ਲੱਖ ਮਜਦੂਰਾਂ ਨੂੰ ਰਜਿਸਟਰ ਕਰਵਾਉਣਾ ਅਤੇ ਸਕੀਮਾਂ ਦਾ ਲਾਭ ਸਮੇਂ ਸਿਰ ਮਿਲਣਾ ਯਕੀਨੀ ਬਣਾਉਣਾ, ਆਸ਼ਾ, ਮਿਡ ਡੇ ਮੀਲ ਅਤੇ ਆਂਗਣਵਾੜੀ ਆਦਿ ਵਰਕਰਾਂ ਨੂੰ ਵਰਕਰ ਦਾ ਦਰਜਾ ਦੇਣਾ ਅਤੇ ਉਹਨਾਂ ਨੂੰ ਘੱਟੋ—ਘੱਟ ਉਜਰਤਾ ਦੇ ਦਾਇਰੈ ਵਿੱਚ ਲਿਆਉਣਾ ਆਦਿ ਸ਼ਾਮਲ ਹਨ। ਆਗੂਆਂ ਵਲੋਂ ਪੰਜਾਬ ਦੇ ਸਨਅਤੀ ਅਦਾਰਿਆਂ ਵਿੱਚ ਅਤੇ ਸਰਕਾਰੀ ਅਰਧ ਸਰਕਾਰੀ ਅਦਾਰਿਆਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਨਿਗੁਣੀਆਂ ਤਨਖਾਹਾਂ ਬਦਲੇ ਕੰਮ ਕਰਦੇ ਕੰਟਰੈਕਟ / ਆਊਟ ਸੋਰਸ ਵਰਕਰਾਂ ਨੂੰ ਅਤੇ ਅੱਤ ਦੇ ਸ਼ੋਸ਼ਤ ਵਰਗ ਸਕੀਮ ਵਰਕਰਾ ਨੂੰ ਅਪੀਲ ਕੀਤੀ ਕਿ 14 ਜੁਲਾਈ ਦੀ ਇਸ ਵਿਸ਼ਾਲ ਰੋਸ ਰੈਲੀ ਨੂੰ ਕਾਮਯਾਬ ਕਰਨ ਲਈ ਤਿਆਰੀ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
ਮੀਟਿੰਗ ਦਾ ਪ੍ਰਬੰਧ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦੀ ਰਾਜਪੁਰਾ ਡਵੀਜਨ ਵਲੋਂ ਹਰਭਜਨ ਸਿੰਘ ਪਿਲਖਣੀ, ਐਫੀ ਲੀਡਰ ਦੀ ਦੇਖ ਰੇਖ ਵਿੱਚ ਬੜੇ ਵਧੀਆ ਤਰੀਕੇ ਨਾਲ ਕੀਤਾ ਗਿਆ ਸੀ।


