ਗੁਰਦਾਸਪੁਰ, 25 ਮਈ (ਸਰਬਜੀਤ ਸਿੰਘ)–ਅੱਜ ਇੱਥੇ ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਦਾ ਇਜਲਾਸ ਲਖਬੀਰ ਸਿੰਘ ਅਜਨਾਲਾ ਜਸਬੀਰ ਕੌਰ ਹੇਰ,ਕਰਨੈਲ ਸਿੰਘ, ਚਰਨਜੀਤ ਸਿੰਘ ਅਜਨਾਲਾ ਅਤੇ ਸਵਿੰਦਰ ਸਿੰਘ ਬਾਰੀਆ ਦੀ ਪ੍ਰਧਾਨਗੀ ਹੇਠ ਕੀਤਾ ਗਿਆ।

ਇਸ ਸਮੇਂ ਬੋਲਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਮਾਨ ਸਰਕਾਰ ਦੇ ਇਹ ਦਾਵੇ ਝੂਠੇ ਸਾਬਿਤ ਹੋਏ ਹਨ ਕਿ ਉਸਦੀ ਸਰਕਾਰ ਆਉਣ ਉਪਰੰਤ ਕੋਈ ਮਜ਼ਦੂਰ ਕਿਸਾਨ ਖੁਦਕਸੀ ਨਹੀਂ ਕਰੇਗਾ ਪਰ ਸਰਕਾਰ ਦੇ 14 ਮਹੀਨੇ ਦੇ ਰਾਜ ਵਿੱਚ ਲਗਾਤਾਰ ਖ਼ੁਦਕੁਸ਼ੀਆਂ ਹੋਈਆਂ ਹਨ। ਨਸ਼ਿਆਂ ਦਾ ਲਗਾਤਾਰ ਚਲਨ ਚਲ ਰਿਹਾ ਹੈ ਜੋ ਪੁਲਿਸ ਦੀ ਹਮਾਇਤ ਤੋਂ ਬਿਨਾਂ ਚਲ ਹੀ ਨਹੀਂ ਸਕਦਾ, ਗੈਂਗਸਟਰ ਬਰਾਬਰ ਸੱਤਾ ਚਲਾ ਰਹੇ ਹਨ।ਮਾਨ ਸਰਕਾਰ ਦੇ ਰਾਜ ਵਿੱਚ ਕਿਸਾਨਾਂ ਦੀ ਸਰੋਂ ਦਾ ਘੱਟੋ ਘੱਟ ਸਮਰਥਨ ਮੁੱਲ 5400 ਰੁਪਏ ਹੋਂਣ ਦੇ ਬਾਵਜੂਦ 4400 ਰੁਪਏ ਨੂੰ ਖ਼ਰੀਦੀ ਗਈ ਹੈ। ਸਰਕਾਰ ਦੇ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਦਾਅਵੇ ਵੀ ਠੁਸ ਹੋਏ ਹਨ, ਸਰਕਾਰ ਦੇ ਐਮ ਐਲ ਏਜ, ਮੰਤਰੀ ਅਤੇ ਹਲਕਾ ਇੰਚਾਰਜ ਬਕਾਇਦਾ ਮਹੀਨਾਂ ਉਗਰਾਹੀ ਕਰ ਰਹੇ ਹਨ ਅਤੇ ਅਫ਼ਸਰਸ਼ਾਹੀ ਦੇ ਭਿਰਸ਼ਟਾਚਾਰ ਨਾਲ ਮਾਨ ਸਰਕਾਰ ਸਮਝੌਤਾ ਕਰਕੇ ਚਲ ਰਹੀ ਹੈ, ਇਹ ਹੀ ਕਾਰਨ ਹੈ ਕਿ ਆਈ ਏਂ ਐਸ ਅਤੇ ਮਾਲ ਵਿਭਾਗ ਦੀ ਅਫ਼ਸਰਸ਼ਾਹੀ ਵਿਚ ਸਾਹਮਣੇ ਆਏ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਬਜਾਏ ਮਾਨ ਸਰਕਾਰ ਨੇ ਪਿਛੇ ਹਟਣਾ ਜ਼ਰੂਰੀ ਸਮਝਿਆ ਹੈ । ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲੱਖਣਕਲਾਂ, ਮੰਗਲ ਸਿੰਘ ਧਰਮਕੋਟ ਸ਼ਮਸ਼ੇਰ ਸਿੰਘ ਹੇਰ, ਬਲਬੀਰ ਸਿੰਘ ਮੂਧਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਮਕਾਰ, ਝੂਠੀ, ਫਿਰਕਾਪ੍ਰਸਤ ਅਤੇ ਲੋਕਤੰਤਰ ਨੂੰ ਖਤਮ ਕਰਨ ਵਾਲੀ ਸਰਕਾਰ ਹੈ। ਇੱਕ ਮਹੀਨੇ ਤੋਂ ਚਲ ਰਹੇ ਪਹਿਲਵਾਨਾਂ ਦੇ ਸੰਘਰਸ਼ ਦੇ ਦੋਸ਼ੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਬਚਾਇਆ ਜਾ ਰਿਹਾ ਹੈ ਜਦੋਂ ਕਿ ਉਸ ਨੂੰ ਪੌਸਕੋ ਕਨੂੰਨ ਦੇ ਤਹਿਤ ਜੇਲ੍ਹ ਵਿਚ ਸੁਟਣਾ ਚਾਹੀਦਾ ਹੈ। ਆਗੂਆਂ ਦੋਸ਼ੀ ਨੂੰ ਫੌਰੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ, ਇਜਲਾਸ ਨੇ ਐਮ ਐਸ ਪੀ ਅਤੇ ਸਮਰਥਨ ਮੁੱਲ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਅਡਾਨੀਆ ਅਬਾਨੀਆ ਦੇ ਰਹਿਮੋਕਰਮ ਤੇ ਛੱਡ ਰਹੀ ਹੈ। ਅਡਾਨੀ ਸੈਲੋਜ ਨੂੰ ਐਫ ਸੀ ਆਈ ਦਾ ਠੇਕੇ ਤੇ ਲੈਣ ਦਾ ਅਰਥ ਹੈ ਕੁਝ ਹੀ ਸਮੇਂ ਵਿੱਚ ਪੰਜਾਬ ਦਾ ਮੰਡੀ ਯਾਰਡ ਅਡਾਨੀ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਜਲਾਸ ਵਿੱਚ ਮੱਤਾ ਪਾਸ ਕੀਤਾ ਗਿਆ ਕਿ ਸਰਕਾਰ ਜੰਤ੍ਰ ਮੰਤ੍ਰ ਵਿਖੇ ਸੰਘਰਸ਼ ਕਰ ਰਹੀਆਂ ਪਹਿਲਵਾਨ ਲੜਕੀਆਂ ਨੂੰ ਇਨਸਾਫ ਦੇਣ ਲਈ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਦੀ ਐਮ ਪੀ ਸਿਪ ਤੋਂ ਉਸਨੂੰ ਖ਼ਾਰਜ ਕੀਤਾ ਜਾਵੇ। ਇਜਲਾਸ ਵਿੱਚ 23 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਦੇ ਪ੍ਰਧਾਨ ਬਲਬੀਰ ਸਿੰਘ ਮੂਧਲ,ਸੱਕਤਰ ਲਖਬੀਰ ਸਿੰਘ ਅਜਨਾਲਾ,ਸੀਨੀ ਪ੍ਰਧਾਨ ਮੰਗਲ ਸਿੰਘ ਧਰਮਕੋਟ,ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਹੇਰ, ਪ੍ਰੈਸ ਸਕੱਤਰ ਲਾਡੀ ਤੇੜਾ, ਮਨਜੀਤ ਗਹਿਰੀ ਮੰਡੀ, ਨਰੇਸ਼ ਕੁਮਾਰ ਸਹਿਣੇ ਵਾਲੀ ਅਤੇ ਮਹਾਂਬੀਰ ਤੇੜਾ ਆਉਦੇਦਾਰ ਚੁਣੇ ਗਏ।


