ਗੁਰਦਾਸਪੁਰ, 5 ਅਪ੍ਰੈਲ (ਸਰਬਜੀਤ ਸਿੰਘ)—ਅੱਜ ਇੱਥੇ ਫੈਜਪੁਰਾ ਰੋਡ ਬਟਾਲਾ ਦਫ਼ਤਰ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਪੰਜਾਬ ਸੂਬਾ ਕਮੇਟੀ ਦੀ ਦੋ ਦਿਨਾਂ ਮੀਟਿੰਗ ਕਾਮਰੇਡ ਸੁਖਦੇਵ ਸਿੰਘ ਭਾਗੋਕਾਵਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪਾਰਟੀ ਨੇ ਪੰਜਾਬ ਦੀ ਮੌਜੂਦਾ ਸਥਿਤੀ ਬਾਬਤ ਉਪਰ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਵਿਚ ਤਹਿ ਕੀਤਾ ਗਿਆ ਕਿ ਪੰਜਾਬ ਦੇ ਸੰਘੀ ਢਾਂਚੇ ਦੀ ਰਾਖੀ ਲਈ, ਪੰਜਾਬ ਵਿੱਚ ਪੰਜਾਬੀਆਂ ਦੇ ਭਾਈਚਾਰੇ ਨੂੰ ਬਣਾਈ ਰੱਖਣ ਵਾਸਤੇ, ਮੋਦੀ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਵਿਰੁੱਧ ਏਜੰਸੀਆਂ ਦੀ ਦੁਰਵਰਤੋ ਰੋਕਣ, ਬੇਰੁਜ਼ਗਾਰੀ ਖ਼ਤਮ ਕਰਨ,ਫਰੀ ਵਿਦਿਆ,ਫਰੀ ਸੇਹਤ ਸੇਵਾਵਾਂ ਅਤੇ ਦਰਿਆਈ ਪਾਣੀਆਂ ਦੀ ਰਾਖੀ ਆਦਿ ਮੰਗਾਂ ਅਧਾਰਿਤ ਹਮਖਿਆਲੀ ਪਾਰਟੀਆਂ ਨਾਲ ਤਾਲਮੇਲ ਕਮੇਟੀ ਬਨਾਉਣ ਦਾ ਤਹਿ ਕੀਤਾ ਗਿਆ।ਇਸ ਸਮੇਂ ਮਤਾ ਪਾਸ ਕੀਤਾ ਗਿਆ ਕਿ ਕਿਸਾਨਾਂ ਦੀ ਕਣਕ ਦੇ ਖ਼ਰਾਬੇ ਦਾ 50000 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਅਤੇ 15000 ਰੁਪਏ ਮਜ਼ਦੂਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਪੰਜਾਬ ਵਿੱਚ ਫਲੈਗ ਮਾਰਚ ਕਰਕੇ ਦਹਿਸ਼ਤ ਪਾਉਣੀ ਬੰਦ ਕੀਤੀ ਜਾਵੇਅਤੇ ਪੰਜਾਬ ਚੋਂ ਅਰਧ ਸੈਨਿਕ ਬਲਾਂ ਨੂੰ ਕੇਂਦਰੀ ਸਰਕਾਰ ਵਾਪਸ ਬੁਲਾਵੇ, ਇਕ ਹੋਰ ਮਤੇ ਰਾਹੀਂ ਗੁਰੂ ਰਾਮਦਾਸ ਅਮ੍ਰਿਤਸਰ ਹਸਪਤਾਲ ਦੀ ਦਲਿਤ ਸਮਾਜ ਨਾਲ ਸਬੰਧਤ ਡਾਕਟਰ ਪੰਪਸ ਦੀ ਮੌਤ ਦੇ ਜ਼ੁੰਮੇਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਇਹ ਵੀ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਚਲਦਾ ਰੱਖਣ ਲਈ ਸਰਕਾਰ ਗਰਾਂਟ ਜਾਰੀ ਕਰੇ। ਮੀਟਿੰਗ ਵਿੱਚ ਸੁਖਦਰਸ਼ਨ ਸਿੰਘ ਨੱਤ, ਰਾਜਵਿੰਦਰ ਸਿੰਘ ਰਾਣਾ, ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ, ਗੁਰਜੰਟ ਸਿੰਘ, ਗੁਲਜ਼ਾਰ ਸਿੰਘ ਭੁੰਬਲੀ, ਗੁਰਪ੍ਰੀਤ ਸਿੰਘ ਰੂੜੇਕੇ, ਹਰਮਨਦੀਪ, ਜਸਬੀਰ ਕੌਰ ਨੱਤ, ਅਸ਼ਵਨੀ ਕੁਮਾਰ ਲੱਖਣਕਲਾ, ਬਲਬੀਰ ਸਿੰਘ ਮੂਧਲ, ਬਲਬੀਰ ਸਿੰਘ ਝਾਮਕਾ ਵਿਜੇ ਸੋਹਲ ਅਤੇ ਪੰਜਾਬ ਪਾਰਟੀ ਦੇ ਇਨਚਾਰਜ ਪਰਸ਼ੋਤਮ ਸ਼ਰਮਾ ਸ਼ਾਮਿਲ ਸਨ