ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਜ਼ਰੂਰਤ ਅਨੁਸਾਰ ਹਲਕਾ ਪਾਣੀ ਲਗਾਉਣ ਦੀ ਸਲਾਹ

ਗੁਰਦਾਸਪੁਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਬਾਂਗੋਵਾਣੀ ਵਿੱਚ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ

ਗੁਰਦਾਸਪੁਰ: 23 ਫਰਵਰੀ (ਸਰਬਜੀਤ ਸਿੰਘ) – ਮੌਸਮੀ ਤਬਦੀਲੀਆਂ ਕਾਰਨ ਹੋ ਰਹੇ ਤਾਪਮਾਨ ਵਿਚ ਵਾਧੇ ਕਾਰਨ ਫ਼ਸਲਾਂ ਉੱਪਰ ਪੈਣ ਵਾਲੇ ਪ੍ਰਭਾਵ ਅਤੇ ਬਚਾਅ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਅੱਜ ਪਿੰਡ ਬਾਂਗੋਵਾਣੀ (ਬਲਾਕ ਧਾਰੀਵਾਲ) ਵਿਚ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਡਾ.ਅਮਰੀਕ ਸਿੰਘ ਜ਼ਿਲਾ ਸਿਖਲਾਈ ਅਫ਼ਸਰ ਦੀ ਅਗਵਾਈ ਹੇਠ ਲਗਾਏ ਗਏ ਜਾਗਰੂਕਤਾ ਕੈਂਪ ਮੌਕੇ ਦਾ ਡਾ.ਹਰਪਿੰਦਰ ਸਿੰਘ ਵਿਸ਼ਾ ਵਸਤੂ ਮਾਹਿਰ, ਡਾ. ਦਿਲਰਾਜ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ (ਸਿਖਲਾਈ), ਅਰਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਸਰਪੰਚ ਸਰਦੂਲ ਸਿੰਘ, ਮੱਖਣ ਸਿੰਘ, ਪਲਵਿੰਦਰ ਸਿੰਘ, ਬਿਕਰਮ ਸਿੰਘ, ਬਲਕਾਰ ਸਿੰਘ, ਨਰਿੰਦਰ ਸਿੰਘ, ਸ਼ੇਰੇ ਪੰਜਾਬ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਵਧ ਰਹੇ ਤਾਪਮਾਨ ਕਾਰਨ ਸਿਰਫ ਫਸਲਾਂ ਦੀ ਪੈਦਾਵਾਰ ਹੀ ਨਹੀਂ ਪ੍ਰਭਾਵਤ ਹੋ ਰਹੀ ਸਗੋਂ ਮਨੁੱਖੀ ਅਤੇ ਪਸ਼ੂ ਸਿਹਤ ਵੀ ਪ੍ਰਭਾਵਤ ਹੋ ਰਹੀ ਹੈ।ਉਨਾਂ ਕਿਹਾ ਕਿ ਮੌਜੁਦਾ ਸਮੇਂ ਵਿੱਚ ਵੀ ਦਿਨ ਦਾ ਤਾਪਮਾਨ ਆਮ ਨਾਲੋਂ ਵੱਧ ਚੱਲ ਰਿਹਾ ਹੈ।ਉਨਾਂ ਕਿਹਾ ਕਿ ਜੇਕਰ ਦਿਨ ਦਾ ਤਾਪਮਾਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਾੜੀ ਦੀਆਂ ਫਸਲਾਂ ਖਾਸ ਕਰਕੇ ਕਣਕ ਦੀ ਪੈਦਾਵਾਰ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਉਨਾਂ ਕਿਹਾ ਕਿ ਵੱਧ ਰਹੇ ਤਾਪਮਾਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਣਕ ਦੀ ਫਸਲ ਨੂੰ ਮੌਸਮ ਦੇ ਹਿਸਾਬ ਨਾਲ ਹਲਕਾ ਪਾਣੀ ਦਿੰਦੇ ਰਹਿਣਾ ਚਾਹੀਦਾ।ਉਨਾਂ ਕਿਹਾ ਕਿਸੇ ਵੀ ਨਵੀਂ ਫਸਲ ਦੀ ਕਾਸ਼ਤ ਕਰਨ ਤੋਂ ਪਹਿਲਾਂ ਥੋੜ੍ਹੇ ਰਕਬੇ ਵਿਚ ਤਜ਼ਰਬਾ ਕਰਨਾ ਚਾਹੀਦਾ। ਉਨਾਂ ਕਿਹਾ ਕਿ ਕਿਸੇ ਵੀ ਨਵੀਂ ਫਸਲ ਦੀ ਕਾਸ਼ਤ ਦਾ ਤਜ਼ਰਬਾ ਤਾਂ ਹੀ ਕਾਮਯਾਬ ਹੋ ਸਕਦਾ ਜੇਕਰ ਪੈਦਾ ਹੋਈ ਉਪਜ ਦਾ ਮੰਡੀਕਰਨ ਖੁਦ ਕੀਤਾ ਜਾਵੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਕਣਕ ਦੀ ਫਸਲ ਉੱਪਰ 4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ (13:0:45) ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਦੋ ਵਾਰ ਛਿੜਕਾਅ ਕਰ ਦੇਣਾ ਚਾਹੀਦਾ ਹੈ ।

ਡਾ. ਹਰਪਿੰਦਰ ਸਿੰਘ ਨੇ ਕਿਹਾ ਕਿ ਦਾਲਾਂ ਸਾਕਾਹਾਰੀ ਲੋਕਾਂ ਦੀ ਖੁਰਾਕ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਉਨਾਂ ਕਿਹਾ ਕਿ  ਦਾਲਾਂ ਵਾਲੀਆਂ ਫਸਲਾਂ ਨੂੰ ਅੰਤਰਫਸਲਾਂ ਵੱਜੋਂ ਕਾਂਸਤ ਕਰਨ ਨਾਲ ਜਿਥੇ ਵਾਧੂ ਆਮਦਨ ਮਿਲਦੀ ਹੈ ਉਥੇ ਜ਼ਮੀਨ ਸਿਹਤ ਵਿੱਚ ਸੁਧਾਰ ਹੋਣ ਨਾਲ ਮੁੱਖ ਫਸਲ ਦੀ ਪੈਦਾਵਾਰ ਵੀ ਵਧਦੀ ਹੈ। ਡਾ. ਦਿਲਰਾਜ ਸਿੰਘ ਨੇ ਕਿਹਾ ਕਿ ਮਾਹਾਂ ਦੀ ਬਿਜਾਈ ਲਈ ਪ੍ਰਤੀ ਏਕੜ 20 ਕਿਲੋ ਬੀਜ ਵਰਤਣਾ ਚਾਹੀਦਾ ਅਤੇ ਬਿਜਾਈ ਮਾਰਚ ਮਹੀਨੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਕਿਸਾਨ ਨੂੰ ਸਾਲਾਨਾ ਘਰੇਲੂ ਜ਼ਰੂਰਤਾਂ ਦੀ ਪੂਰਤੀ ਲਈ ਦਾਲਾਂ ਅਤੇ ਸਬਜੀਆਂ ਦੀ ਪੈਦਾਵਾਰ ਕਰਨੀ ਚਾਹੀਦੀ ਹੈ।

ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਸਹਾਰੀ ਅਤੇ ਸ਼ੇਰੇ ਪੰਜਾਬ ਸਿੰਘ ਨੇ ਫਸਲਾਂ ਦੀ ਰਹਿੰਦ ਖੂੰਹਦ ਦੀ ਸੰਭਾਲ ਅਤੇ ਸਟ੍ਰੇਬੇਰੀ ਦੀ ਕਾਸ਼ਤ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ।  

Leave a Reply

Your email address will not be published. Required fields are marked *