ਅੰਮ੍ਰਿਤਸਰ ਦੇ ਸਰਕਾਰੀ ਡੈਂਟਲ ਕਾਲਜ ਵਿੱਚ ਸਹੀ ਸਟਾਫ਼ ਦੀ ਘਾਟ ਹੈ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਰੈਗੂਲਰ ਵੀਸੀ ਪੋਸਟ ਨੂੰ ਹਾਲੇ ਤੱਕ ਭਰਿਆ ਜਾਣਾ ਬਾਕੀ ਹੈ: ਵਿਰੋਧੀ ਧਿਰ ਦੇ ਆਗੂ
ਗੁਰਦਾਸਪੁਰ 7 ਫਰਵਰੀ (ਸਰਬਜੀਤ ਸਿੰਘ)–ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਉਹ ਸੂਬੇ ਵਿੱਚ ਸਰਕਾਰ ਵੱਲੋਂ ਚਲਾਏ ਜਾ ਰਹੇ ਕੁੱਝ ਮੰਨੇ-ਪ੍ਰਮੰਨੇ ਮੈਡੀਕਲ ਅਦਾਰਿਆਂ ਦੀ ਅਣਦੇਖੀ ਕਰ ਰਹੀ ਹੈ।
ਕਾਂਗਰਸ ਦੇ ਸੀਨੀਅਰ ਆਗੂ ਬਾਜਵਾ ਨੇ ਸਰਕਾਰੀ ਮੈਡੀਕਲ ਸੰਸਥਾਵਾਂ ਪ੍ਰਤੀ ‘ਆਪ’ ਸਰਕਾਰ ਦੀ ਲਾਪਰਵਾਹੀ ਵਾਲੀ ਪਹੁੰਚ ਦਾ ਪਰਦਾਫਾਸ਼ ਕਰਦੀਆਂ ਕੁੱਝ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਸਰ ਦਾ ਸਰਕਾਰੀ ਡੈਂਟਲ ਕਾਲਜ ਸਿਰਫ਼ ਅੱਠ ਅਧਿਆਪਕਾਂ ਨਾਲ ਚੱਲ ਰਿਹਾ ਹੈ, ਜਦੋਂ ਕਿ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਸਹਾਇਕ ਪ੍ਰੋਫੈਸਰ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ 56 ਹਨ। ਇਸ ਤੋਂ ਇਲਾਵਾ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (ਬੀਐਫਯੂਐਚਐਸ) ਫ਼ਰੀਦਕੋਟ ਪਿਛਲੇ ਛੇ ਮਹੀਨਿਆਂ ਤੋਂ ਬਿਨਾਂ ਰੈਗੂਲਰ ਵਾਈਸ ਚਾਂਸਲਰ ਦੇ ਕੰਮ ਕਰ ਰਹੀ ਹੈ।
‘ਆਪ’ ਦੇ 11 ਮਹੀਨਿਆਂ ਦੇ ਰਾਜ ਵਿੱਚ ਪੰਜਾਬ ਵਿੱਚ ਮੈਡੀਕਲ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲੱਗਾ ਹੋਇਆ ਹੈ। ਸਰਕਾਰੀ ਡੈਂਟਲ ਕਾਲਜ ਅੰਮ੍ਰਿਤਸਰ ਵਿੱਚ 250 ਤੋਂ ਵੱਧ ਬੀਡੀਐਸ ਅਤੇ ਪੋਸਟ ਗਰੈਜੂਏਟ ਵਿਦਿਆਰਥੀ ਹਨ, ਜਿਨ੍ਹਾਂ ਲਈ ਰੋਜ਼ ਦੀਆਂ ਸਟੱਡੀ ਅਸਾਈਨਮੈਂਟਾਂ ਨੂੰ ਜਾਰੀ ਰੱਖਣਾ ਮੁਸ਼ਕਲ ਹੋ ਗਿਆ ਹੈ”, ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।
ਕਾਦੀਆਂ ਦੇ ਵਿਧਾਇਕ ਬਾਜਵਾ ਨੇ ਹੈਰਾਨ ਹੋ ਕੇ ਕਿਹਾ ਕਿ ਅਜਿਹੀ ਸੰਸਥਾ ਕਿਸ ਤਰਾਂ ਦੇ ਦੰਦਾਂ ਦੇ ਡਾਕਟਰਾਂ ਪੈਦਾ ਕਰੇਗੀ, ਜੋ ਸਟਾਫ਼ ਦੀ ਭਾਰੀ ਘਾਟ ਨਾਲ ਨਜਿੱਠ ਰਹੀ ਹੈ।
ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ ਕਿ ਕੋਈ ਵੀ ਇਸ ਨੂੰ ਸੁਸਤ ਪਹੁੰਚ ਜਾਂ ਹੰਕਾਰ ਕਹਿ ਸਕਦਾ ਹੈ, ਪਰ ਕੁੱਝ ਮੀਡੀਆ ਰਿਪੋਰਟਾਂ ਅਨੁਸਾਰ ‘ਆਪ’ ਸਰਕਾਰ ਨੇ ਬੀਐਫਯੂਐਚਐਸ ਵਿੱਚ ਵੀਸੀ ਦੇ ਅਹੁਦੇ ਨੂੰ ਭਰਨ ਲਈ ਅਜੇ ਤੱਕ ਤਿੰਨ ਨਾਵਾਂ ਦਾ ਪੈਨਲ ਪੰਜਾਬ ਦੇ ਰਾਜਪਾਲ ਨੂੰ ਨਹੀਂ ਭੇਜਿਆ ਹੈ।
“ਪੰਜਾਬ ਦੇ ਲੋਕ ਪਹਿਲਾਂ ਹੀ ਦੇਖ ਚੁੱਕੇ ਹਨ ਕਿ ਮੁਹੱਲਾ ਕਲੀਨਿਕਾਂ ਦੇ ਨਾਂ ‘ਤੇ ਉਨ੍ਹਾਂ ਨੂੰ ਕਿਸ ਤਰਾਂ ਦੀਆਂ ਮਾੜੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਿਹਤ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਅਤੇ ਮੌਜੂਦਾ ਸਿਹਤ ਕੇਂਦਰਾਂ ਵਿੱਚ ਵਧੇਰੇ ਸਟਾਫ਼ ਦੀ ਭਰਤੀ ਕਰਨ ਦੀ ਬਜਾਏ, ਟੈਕਸਦਾਤਾਵਾਂ ਦੀ ਸਖ਼ਤ ਮਿਹਨਤ ਦੀ ਕਮਾਈ ਨੂੰ ਮੁਹੱਲਾ ਕਲੀਨਿਕਾਂ ਦੇ ਬਾਹਰੀ ਦਿੱਖ ਨੂੰ ਸੁੰਦਰ ਬਣਾਉਣ ‘ਤੇ ਲਾਪਰਵਾਹੀ ਨਾਲ ਖ਼ਰਚ ਕੀਤਾ ਜਾ ਰਿਹਾ ਹੈ”, ਬਾਜਵਾ ਨੇ ਕਿਹਾ।
ਇੱਕ ਬਿਆਨ ਵਿੱਚ ਬਾਜਵਾ ਨੇ ‘ਆਪ’ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਵਿੱਚ ਪੁਰਾਣੇ ਸਿਹਤ ਕੇਂਦਰਾਂ ਦਾ ਹੀ ਸਟਾਫ਼ ਰੱਖਣ ਦੇ ਕਦਮ ਦੀ ਸਖ਼ਤ ਨਿੰਦਾ ਕੀਤੀ ਕਿਉਂਕਿ ਇਸ ਨਾਲ ਸੂਬੇ ਦੇ ਸਿਹਤ ਕੇਂਦਰਾਂ ਦਾ ਰੋਜ਼ਾਨਾ ਦਾ ਕੰਮਕਾਜ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। “ਮੈਂ ਇਹ ਸਮਝਣ ਵਿੱਚ ਅਸਫਲ ਰਿਹਾ ਹਾਂ ਕਿ ‘ਆਪ’ ਸਰਕਾਰ ਇਨ੍ਹਾਂ ਕਲੀਨਿਕਾਂ ਨੂੰ ਸਥਾਪਤ ਕਰਨ ਲਈ ਇੱਕ ਨਵਾਂ ਬੁਨਿਆਦੀ ਢਾਂਚਾ ਕਿਉਂ ਨਹੀਂ ਸਥਾਪਤ ਕਰਦੀ। ਪੇਂਡੂ ਖੇਤਰਾਂ ਦੇ ਲੋਕ ਪਹਿਲਾਂ ਹੀ ਇਸ ਬਾਰੇ ਸਰਕਾਰ ਦੇ ਖ਼ਿਲਾਫ਼ ਲੜ ਰਹੇ ਹਨ,”, ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।