ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਉਲੰਪੀਅਨ ਖਿਡਾਰੀਆਂ ਦੀ ਸੂਚੀ ਹੋਵੇਗੀ ਤਿਆਰ – ਡਿਪਟੀ ਕਮਿਸ਼ਨਰ

ਗੁਰਦਾਸਪੁਰ

ਜ਼ਿਲ੍ਹਾ ਪ੍ਰਸ਼ਾਸਨ ਨੇ 8 ਉਲੰਪੀਅਨ ਖਿਡਾਰੀਆਂ ਦੇ ਨਾਵਾਂ ਦੀ ਲਿਸਟ ਜਾਰੀ ਕਰਕੇ ਹੋਰ ਨਾਵਾਂ ਦੀ ਸੂਚਨਾ ਵੀ ਮੰਗੀ

ਲਿਸਟ ’ਚ ਰਹਿ ਗਏ ਉਲੰਪੀਅਨ ਖਿਡਾਰੀਆਂ ਦੀ ਸੂਚਨਾ 4 ਫਰਵਰੀ 2023 ਤੱਕ ਜ਼ਿਲ੍ਹਾ ਖੇਡ ਅਫ਼ਸਰ ਨੂੰ ਦਿੱਤੀ ਜਾਵੇ

ਗੁਰਦਾਸਪੁਰ, 29 ਜਨਵਰੀ (ਸਰਬਜੀਤ ਸਿੰਘ) – ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਹੋਰ ਪਹਿਲਕਦਮੀ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਉਲੰਪੀਅਨ ਖਿਡਾਰੀਆਂ ਦੀ ਲਿਸਟ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਲਿਸਟ ਵਿੱਚ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਸਾਰੇ ਉਲੰਪੀਅਨ ਖਿਡਾਰੀਆਂ ਦੇ ਨਾਮ ਅਤੇ ਉਨ੍ਹਾਂ ਦੀ ਖੇਡ ਅਤੇ ਪ੍ਰਾਪਤੀਆਂ ਸਬੰਧੀ ਪੂਰਾ ਵੇਰਵਾ ਦਰਜ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਖੇਡਾਂ ਦੇ ਖੇਤਰ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਅਜਿਹੇ ਖਿਡਾਰੀ ਵੀ ਹੋਏ ਹਨ ਜਿਨ੍ਹਾਂ ਨੇ ਵਿਸ਼ਵ ਪੱਧਰ ਦੇ ਖੇਡ ਮੁਕਾਬਲਿਆਂ ਅਤੇ ਖਾਸ ਕਰਕੇ ਉਲੰਪਿਕ ਖੇਡਾਂ ਵਿੱਚ ਵੀ ਦੇਸ਼ ਦੀ ਅਗਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੇ ਜ਼ਿਲ੍ਹੇ ਨਾਲ ਸਬੰਧਤ ਅਜਿਹੇ ਸਾਰੇ ਉਲੰਪੀਅਨ ਖਿਡਾਰੀਆਂ ਦੀ ਲਿਸਟ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਦੇ ਦਫ਼ਤਰ ਵਿੱਚ ਜ਼ਿਲ੍ਹੇ ਦੇ 8 ਉਲੰਪੀਅਨ ਦੇ ਨਾਵਾਂ ਦੀ ਸੂਚੀ ਉਪਲੱਬਧ ਹੈ ਜਿਨ੍ਹਾਂ ਵਿੱਚ ਪਿੰਡ ਵੀਲਾ ਬੱਜੂ ਨਾਲ ਸਬੰਧਤ ਹਾਕੀ ਖਿਡਾਰੀ ਸ੍ਰੀ ਰਮਨਦੀਪ ਸਿੰਘ, ਪਿੰਡ ਮਸਾਣੀਆਂ ਦੇ ਹਾਕੀ ਖਿਡਾਰੀ ਸ੍ਰੀ ਪ੍ਰਭਜੋਤ ਸਿੰਘ, ਪਿੰਡ ਚਾਹਲ ਕਲਾਂ ਦੇ ਹਾਕੀ ਖਿਡਾਰੀ ਸ੍ਰੀ ਸਿਮਰਨਜੀਤ ਸਿੰਘ, ਪਿੰਡ ਕੋਠੇ ਘੁਰਾਲਾ ਦੇ ਜੁਡੋ ਖਿਡਾਰੀ ਸ੍ਰੀ ਅਵਤਾਰ ਸਿੰਘ, ਪਿੰਡ ਹਵੇਲੀ ਚੋਬਦਾਰ ਦੀ ਅਥਲੀਟ ਸ੍ਰੀਮਤੀ ਮਨਜੀਤ ਕੌਰ, ਪਿੰਡ ਮਰੜ ਦੇ ਹਾਕੀ ਖਿਡਾਰੀ ਸ੍ਰੀ ਸਰਵਣਜੀਤ ਸਿੰਘ, ਪਿੰਡ ਦਾਖਲਾ ਦੇ ਹਾਕੀ ਖਿਡਾਰੀ ਸਵਰਗਵਾਸੀ ਸ੍ਰੀ ਸੁਰਜੀਤ ਸਿੰਘ ਰੰਧਾਵਾ ਅਤੇ ਉਮਰਪੁਰਾ (ਬਟਾਲਾ) ਦੇ ਬਾਸਕਿਟਬਾਲ ਖਿਡਾਰੀ ਸ. ਗਰਦੀਪ ਸਿੰਘ ਤੇਜਾ ਦੇ ਨਾਮ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜੇਕਰ ਇਨ੍ਹਾਂ ਨਾਵਾਂ ਤੋਂ ਬਿਨ੍ਹਾਂ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਕਿਸੇ ਹੋਰ ਖਿਡਾਰੀ ਨੇ ਉਲੰਪਿਕ ਖੇਡਾਂ ਵਿੱਚ ਭਾਗ ਲਿਆ ਹੈ ਤਾਂ ਉਹ ਖੁਦ ਜਾਂ ਉਸਦੇ ਪਰਿਵਾਰਕ ਮੈਂਬਰ ਇਸਦੀ ਜਾਣਕਾਰੀ ਜ਼ਿਲ੍ਹਾ ਖੇਡ ਦਫ਼ਤਰ, ਗੁਰਦਾਸਪੁਰ ਵਿਖੇ ਜਾਂ ਜ਼ਿਲ੍ਹਾ ਖੇਡ ਅਫ਼ਸਰ, ਗੁਰਦਾਸਪੁਰ ਸ. ਸੁਖਚੈਨ ਸਿੰਘ ਦੇ ਮੋਬਾਇਲ ਨੰਬਰ 98880-07250 ’ਤੇ ਨੋਟ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸੂਚਨਾ 4 ਫਰਵਰੀ 2023 ਦਿਨ ਸ਼ੁਕਰਵਾਰ ਤੱਕ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਉਲੰਪੀਅਨ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ।

Leave a Reply

Your email address will not be published. Required fields are marked *