ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ `ਚਾਨਣ ਮੁਨਾਰਾ` ਜਾਗਰੂਕਤਾ ਮੁਹਿੰਮ ਤਹਿਤ ਬਲਾਕ ਦੀਨਾਨਗਰ ਦੇ ਪਿੰਡ ਈਸਾਪੁਰ ਵਿਖੇ ਲਗਾਇਆ ਵਿਸ਼ੇਸ਼ ਕੈਂਪ

ਪੰਜਾਬ

ਵੱਖ-ਵੱਖ ਵਿਭਾਗਾਂ ਨੇ ਸਟਾਲ ਲਗਾ ਕੇ ਲੋਕਾਂ ਨੂੰ ਭਲਾਈ ਸਕੀਮਾਂ ਦੀ ਜਾਣਕਾਰੀ ਦਿੱਤੀ

ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ ) – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਮੁਤਾਬਕ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਹਰ ਘਰ ਤੱਕ ਕਾਨੂੰਨੀ ਸਾਖਰਤਾ ਪਹੁੰਚਾਉਣ ਲਈ ਚਲਾਈ ਜਾ ਰਹੀ `ਚਾਨਣ ਮੁਨਾਰਾ` ਜਾਗਰੂਕਤਾ ਮੁਹਿੰਮ ਤਹਿਤ ਅੱਜ ਬਲਾਕ ਦੀਨਾ ਨਗਰ ਦੇ ਪਿੰਡ ਈਸਾਪੁਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਗਿਯੋਗ ਨਾਲ ਵਿਸ਼ੇਸ਼ ਲੀਗਲ ਸਰਵਿਸਜ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਨਵਦੀਪ ਕੌਰ ਗਿੱਲ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ।

ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਕੁੱਲ 11 ਹੈਲਪ ਡੈਸਕ ਲਗਾਏ ਗਏ, ਜਿਨ੍ਹਾ ਵਿੱਚ ਮਗਨਰੇਗਾ, ਬੀ.ਪੀ.ਐਲ ਕਾਰਡ, ਵੋਟਰ ਕਾਰਡ, ਅਧਾਰ ਕਾਰਡ, ਰਾਸ਼ਨ ਕਾਰਡ (ਸੋਧ), ਬੈਂਕਾਂ ਸਬੰਧੀ ਸੇਵਾਵਾਂ, ਐਲ.ਪੀ.ਜੀ. ਗੈਸ ਕੁਨੈਕਸ਼ਨ, ਬੁਢਾਪਾ ਪੈਨਸ਼ਨ ਤੇ ਵਿਧਵਾ ਪੈਨਸ਼ਨ, ਸ਼ਗਨ ਸਕੀਮ, ਲੇਬਰ ਕਾਰਡ ਅਤੇ ਦਫਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵੱਲੋਂ ਕਾਨੂੰਨੀ ਸਾਖਰਤਾ ਦਾ ਸਟਾਲ ਸ਼ਾਮਲ ਸੀ।

ਇਹਨਾਂ ਸਾਰੇ ਵਿਭਾਗਾਂ ਵੱਲੋਂ ਆਪਣੀਆਂ ਚਲ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਉੱਥੇ ਆਏ ਲੋਕਾਂ ਨੂੰ ਜਾਣੂ ਕਰਵਾਇਆ। ਇਸਦੇ ਨਾਲ ਹੀ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਕੀ ਯੋਗਤਾ ਤੇ ਸ਼ਰਤਾਂ ਹਨ ਉਨ੍ਹਾਂ ਬਾਰੇ ਵੀ ਦੱਸਿਆ ਗਿਆ। ਇਸ ਦੌਰਾਨ ਅਧਿਕਾਰੀਆਂ ਵੱਲੋਂ ਲੋਕਾਂ ਦੀ ਮੁਸ਼ਕਲਾਂ ਵੀ ਸੁਣੀਆਂ ਗਈਆਂ ਅਤੇ ਉਨ੍ਹਾਂ ਦੇ ਹੱਲ ਲਈ ਯੋਗ ਕਾਰਵਾਈ ਕੀਤੀ ਗਈ।

ਇਸ ਲੀਗਲ ਸਰਵਿਸਜ਼ ਕੈਂਪ ਵਿੱਚ ਦਫਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੇ ਪੈਨਲ ਐਡਵੋਕੇਟਜ਼ ਅਤੇ ਪੀ.ਐਲ.ਵੀਜ਼ ਵੀ ਮੌਜੂਦ ਸਨ, ਜਿਨ੍ਹਾਂ ਦੁਆਰਾ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ, ਐਸ.ਏ.ਐਸ. ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਜਨ ਉਪਯੋਗੀ ਸੇਵਾਵਾਂ, ਨਾਲਸਾ ਦੀਆਂ ਵੱਖ-ਵੱਖ ਸਕੀਮਾਂ ਅਤੇ ਕਾਨੂੰਨੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪੰਫਲੈਟ ਵੀ ਵੰਡੇ ਗਏ। ਇਸ ਲੀਗਲ ਸਰਵਿਸਜ਼ ਕੈਂਪ ਵਿੱਚ ਪਿੰਡ ਦੇ ਲਗਭਗ 155 ਲੋਕਾਂ ਨੇ ਹਿੱਸਾ ਲਿਆ ਅਤੇ ਇਹਨਾਂ ਸਕੀਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਇਹਨਾਂ ਸਕੀਮਾਂ ਦਾ ਲਾਭ ਲਿਆ।   

Leave a Reply

Your email address will not be published. Required fields are marked *