ਮਹੇਸ਼ਇੰਦਰ ਸੈਣੀ ਬਣਿਆ ਸਾਲ2022 ਦਾ ਬੈਸਟ ਜੂਡੋਕਾ
ਗੁਰਦਾਸਪੁਰ 9 ਜਨਵਰੀ (ਸਰਬਜੀਤ ਸਿੰਘ)–ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ ਸਾਲ 2022 ਦੌਰਾਨ ਵੱਖ ਵੱਖ ਰਾਜ ਪੱਧਰੀ/ ਰਾਸ਼ਟਰੀ ਪੱਧਰ ਦੇ ਜੂਡੋ ਮੁਕਾਬਲਿਆਂ ਵਿੱਚ 27 ਗੋਲਡ ਮੈਡਲ, 22 ਸਿਲਵਰ ਮੈਡਲ,35 ਬਰਾਉਨਜ ਮੈਡਲ ਜਿਤਕੇ ਪੰਜਾਬ ਦਾ ਨੰਬਰ ਵਨ ਜੂਡੋ ਸੈਂਟਰ ਪ੍ਰਾਪਤ ਕਰਨ ਦਾ ਮਾਣ ਹਾਸਲ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸੈਂਟਰ ਦੇ ਸਟਾਰ ਜੂਡੋ ਖਿਡਾਰੀ ਜਸਲੀਨ ਸੈਣੀ ਨੇ ਕਾਮਨਵੈਲਥ ਖੇਡਾਂ ਬਰਗਿੰਘਮ ਇੰਗਲੈਂਡ ਵਿਚ ਚੌਥਾ ਸਥਾਨ ਤੇ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਵਿਚ ਪਹਿਲਾਂ ਸਥਾਨ ਬਰਕਰਾਰ ਰੱਖਿਆ ਹੈ। ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਜਸਲੀਨ ਸੈਣੀ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਪੰਜ ਲੱਖ ਰੁਪਏ ਦਾ ਵਿਸ਼ੇਸ਼ ਸਨਮਾਨ ਦਿੱਤਾ ਸੀ। ਉਸ ਦੇ ਛੋਟੇ ਭਰਾ ਮਹੇਸ਼ ਇੰਦਰ ਸੈਣੀ ਨੇ 66 ਕਿਲੋ ਭਾਰ ਵਰਗ ਵਿੱਚ ਆਲ ਇੰਡੀਆ ਇੰਟਰ ਵਰਸਿਟੀ ਜੂਡੋ ਚੈਂਪੀਅਨਸ਼ਿਪ ਜਲੰਧਰ ਵਿਖੇ ਗੋਲਡ ਮੈਡਲ ਜਿੱਤਕੇ ਬੈਸਟ ਜੂਡੋਕਾ ਦਾ ਖਿਤਾਬ ਹਾਸਲ ਕੀਤਾ ਹੈ। ਮਹੇਸ਼ਇੰਦਰ ਸੈਣੀ ਹੁਣ ਅਗਸਤ ਮਹੀਨੇ ਚੀਨ ਵਿਚ ਹੋ ਰਹੀਆਂ ਵਰਲਡ ਯੂਨੀਵਰਸਿਟੀ ਖੇਡਾਂ ਵਿਚ ਭਾਗ ਲੈਣ ਅਤੇ ਮੈਡਲ ਜਿੱਤਣ ਦੀ ਦਾਅਵੇਦਾਰੀ ਪੇਸ਼ ਕਰੇਗਾ। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਵਿਖੇ ਪਿਛਲੇ ਸਾਲ ਦੇ ਮੈਡਲ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਗੁਰਦਾਸਪੁਰ ਦੇ ਪੰਜ ਜੂਡੋ ਖਿਡਾਰੀ 6 ਫਰਵਰੀ ਤੋਂ 10 ਫਰਵਰੀ ਤੱਕ ਭੁਪਾਲ ਮੱਧ ਪ੍ਰਦੇਸ਼ ਵਿਖੇ ਹੋ ਰਹੀਆਂ ਖੇਲੋ ਇੰਡੀਆ ਯੂਥ ਖੇਡਾਂ ਵਿਚ ਭਾਗ ਲੈਣਗੇ ਅਤੇ 7 ਖਿਡਾਰੀ 16 ਫਰਵਰੀ ਤੋਂ 22 ਫਰਵਰੀ ਤੱਕ ਚੇਨਈ ਕਰਨਾਟਕਾ ਵਿਖੇ ਹੋ ਰਹੀਆਂ ਸਬ ਜੂਨੀਅਰ ਤੇ ਜੂਨੀਅਰ ਕੈਡਿਟਸ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ। ਇਸ ਮੌਕੇ ਜੂਡੋ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਜੂਡੋ ਸੈਂਟਰ ਵਿਚ 100ਤੋ ਵਧੇਰੇ ਜੂਡੋ ਖਿਡਾਰੀ ਟ੍ਰੇਨਿੰਗ ਲੈ ਰਹੇ ਹਨ ਜਿਨ੍ਹਾਂ ਨੂੰ ਰੋਜ਼ਾਨਾ 40 ਪੈਕੇਟ ਦੁੱਧ, ਤੇ 160 ਕੇਲੇ ਦਿੱਤੇ ਜਾ ਰਹੇ ਹਨ । ਖਿਡਾਰੀਆਂ ਲਈ ਅੰਤਰਰਾਸ਼ਟਰੀ ਪੱਧਰ ਦਾ ਜਿੰਮ ਅਤੇ ਬੁਨਿਆਦੀ ਢਾਂਚੇ ਨਾਲ ਸੰਪੂਰਨ ਜੂਡੋ ਸੈਂਟਰ ਦੇਸ਼ ਦੇ ਜੂਡੋ ਖਿਡਾਰੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਜੂਡੋਕਾ ਵੈਲਫੇਅਰ ਸੁਸਾਇਟੀ ਦੇ ਸਕੱਤਰ ਸ਼ਤੀਸ਼ ਕੁਮਾਰ ਅਤੇ ਵਿੱਤ ਸਕੱਤਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਗਰੀਬ ਖਿਡਾਰੀਆਂ ਦੀ ਆਰਥਿਕ ਮਦਦ ਤੋਂ ਇਲਾਵਾ ਖਿਡਾਰੀਆਂ ਦੇ ਮਾਪਿਆਂ ਅਤੇ ਕੰਮਕਾਜੀ ਸੀਨੀਅਰ ਜੂਡੋ ਖਿਡਾਰਣਾਂ ਨੂੰ ਸਨਮਾਨਿਤ ਕਰਕੇ ਨਵੀਆਂ ਪੈੜਾਂ ਪਾਈਆਂ ਹਨ। ਅੱਜ ਦੇ ਸਨਮਾਨ ਸਮਾਰੋਹ ਵਿਚ ਨਵੀਨ ਸਲਗੋਤਰਾ, ਅਤੁਲ ਕੁਮਾਰ, ਵਰਿੰਦਰ ਮੋਹਨ ਪਹਿਲਵਾਨ, ਅਤੇ ਪ੍ਰਿੰਸੀਪਲ ਕੁਲਵੰਤ ਸਿੰਘ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ 2023 ਵਿਚ ਖੇਡ ਪ੍ਰਾਪਤੀਆਂ ਵਿਚ ਨਵਾਂ ਰਿਕਾਰਡ ਸਥਾਪਤ ਕਰਨ ਦੀ ਕਾਮਨਾ ਕੀਤੀ।