ਭਾਰਤ ਦੇ ਸਿਆਸੀ ਕਾਰਪੋਰੇਟ ਦਾ ਬਦਲ ਕਿਸਾਨੀ ਕੋਆਪਰੇਸ਼ਨ ‘ਚੋਂ ਉਭਰੇਗਾ

ਪੰਜਾਬ

ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਆਖਰੀ ਦਿਨ ਕਿਸਾਨੀ ਸਰੋਕਾਰਾਂ ‘ਤੇ ਭਰਵੀਂ ਵਿਚਾਰ-ਚਰਚਾ

ਦੁਨੀਆਂ ਵਿਚ ਭਾਰਤ ਦਾ ਕਿਸਾਨ ਕਾਰਪੋਰੇਟੀ ਲੁੱਟ ਸਭ ਤੋਂ ਵੱਡਾ ਸ਼ਿਕਾਰ : ਰਾਕੇਸ਼ ਟਿਕੈਤ

ਕਿਸਾਨ ਅੰਦੋਲਨ ਦੀ ਕਾਮਯਾਬੀ ਵਿਚ ਲੋਕ ਦਬਾਅ ਦਾ ਸਭ ਤੋਂ ਵੱਡਾ ਰੋਲ : ਜੋਗਿੰਦਰ ਉਗਰਾਹਾਂ

ਗੁਰਦਾਸਪੁਰ, 29 ਦਸੰਬਰ (ਸਰਬਜੀਤ ਸਿੰਘ)–ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਆਖਰੀ ਦਿਨ ਕਿਸਾਨ ਅੰਦੋਲਨ ਦੀ ਸਫਲਤਾ ਤੋਂ ਬਾਅਦ ਦੀਆਂ ਚਣੌਤੀਆਂ ਵਿਸ਼ੇ ‘ਤੇ ਹੋਈ ਵਿਚਾਰ ਚਰਚਾ ਵਿਚ ਇਹ ਤੱਥ ਉਭਰ ਕੇ ਸਾਹਮਣੇ ਆਇਆ ਕਿ ਭਾਰਤ ਦੇ ਸਿਆਸੀ ਕਾਰਪੋਰੇਟ ਦਾ ਬਦਲ ਕਿਸਾਨੀ ਕੋਆਪਰੇਸ਼ਨ ਵਿਚੋਂ ਹੀ ਉਭਰ ਸਕਦਾ ਹੈ। ਕੌਮੀ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਬੋਲਦਿਆ ਕਿਹਾ ਕਿ ਦੁਨੀਆਂ ਵਿਚ ਭਾਰਤ ਦਾ ਕਿਸਾਨ ਕਾਰਪੋਰੇਟੀ ਲੁੱਟ ਦਾ ਸਭ ਤੋਂ ਵੱਡਾ ਸ਼ਿਕਾਰ ਹੈ। ਨਵੇਂ ਨਵੇਂ ਕਾਨੂੰਨ ਘੜ ਕੇ ਕਿਸਾਨੀ ਨੂੰ ਖੇਤੀ ਵਿੱਚੋਂ ਬਾਹਰ ਕਰਨ ਦੀਆਂ ਅੰਤਰਰਾਸ਼ਟਰੀ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਕਾਮਯਾਬੀ ਦਾ ਅਸਲ ਸਿਹਰਾ ਲੋਕਾਂ ਦੇ ਦਬਾਅ ਸਿਰ ਬਜਦਾ ਹੈ ਜਿਸ ਨੇ ਭਾਰਤ ਭਰ ਦੀਆਂ ਛੇ ਸੌ ਛੋਟੀਆਂ ਵੱਡੀਆਂ ਜਥੇਬੰਦੀਆਂ ਨੂੰ ਕਿਸਾਨ ਅੰਦੋਲਨ ਨੂੰ ਇੱਕ ਸੂਤਰ ਵਿਚ ਪਰੋ ਦਿੱਤਾ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਇਸ ਮੌਕੇ ਕਿਹਾ ਕਿ ਸਿਾਨ ਜਥੇਬੰਦੀਆਂ ਕਿਸਾਨ ਅੰਦੋਲਨ ਦੀ ਜਿੱਤ ਨੂੰ ਲੋਕ ਅੰਦੋਲਨ ਦੀ ਜਿੱਤ ਵਿਚ ਨਹੀਂ ਬਦਲ ਸਕੀਆਂ। ਕਿਸਾਨ ਅੰਦੋਲਨ ਦੌਰਾਨ ਵਿਭੰਨ ਵਿਚਾਰਧਾਰਕ ਧਿਰਾਂ ਨੇ ਜਿਸ ਏਕੇ ਦਾ ਪ੍ਰਮਾਣ ਦਿੱਤਾ ਸੀ ਉਸ ਨੂੰ ਬਾਅਦ ਵਿਚ ਬਰਕਰਾਰ ਨਹੀਂ ਰੱਖ ਸਕੀਆਂ। ਫਿਰ ਵੀ ਜ਼ੀਰੇ ਵਰਗੇ ਵਾਤਾਵਰਨ ਪ੍ਰਦੂਸ਼ਨ ਖਿਲਾਫ ਅੰਦੋਲਨ ਵਿਚੋਂ ਭਵਿੱਖ ਦੇ ਲੋਕ ਅੰਦੋਲਨਾਂ ਦੀਆਂ ਕੰਨਸੋਆਂ ਮਿਲਦੀਆਂ ਹਨ। ਸਮਾਜਿਕ ਚਿੰਤਕ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਲੋਕ ਅੰਦੋਲਨ ਹੀ ਸਮਾਜ ਨੂੰ ਚੰਗੇਰੇ ਰਾਹਾਂ ‘ਤੇ ਤੋਰ ਸਕਦੇ ਹਨ। ਸਤਾਧਾਰੀ ਧਿਰਾ ਕਰੋਨਾਂ ਵਰਗੀਆਂ ਬਿਮਾਰੀਆਂ ਪ੍ਰਤੀ ਲੋਕ ਚੇਤਨਾ ਦੀ ਬਜਾਏ ਭੈਅ ਦਾ ਮਾਹੌਲ ਪੈਦਾ ਕਰਕੇ ਸਮਾਜ ਦੇ ਅਸਲ ਮਸਲਿਆਂ ਤੋਂ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਸੰਸਥਾ ਪੀਪਲਜ਼ ਫੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਦਰਸ਼ਕਾਂ ਦਾ ਸਵਾਗਤ ਕੀਤਾ ਅਤੇ ਇਸ ਸ਼ੈਸ਼ਨ ਦਾ ਸੰਚਾਲਨ ਸਟਾਲਿਨਜੀਤ ਸਿੰਘ ਬਰਾੜ ਵੱਲੋਂ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਪੁਸਤਕ ‘ਕਿਸਾਨੀ ਸੰਕਟ ਪਰਤ ਦਰ ਪਰਤ’ ਨੂੰ ਰੀਲੀਜ ਕੀਤਾ ਗਿਆ। ਦਸਤਕ ਮੰਚ ਜਲੰਧਰ ਨੇ ਕਿਸਾਨੀ ਨਾਲ ਸੰਬੰਧਤ ਗੀਤ ਸੰਗੀਤ ਪੇਸ਼ ਕੀਤਾ । ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜੇ ਸ਼ੈਸ਼ਨ ਵਿਚ ਅਦਾਕਾਰ ਮੰਚ ਮੋਹਾਲੀ ਵੱਲੋਂ ਡਾ. ਸਾਹਿਬ ਸਿੰਘ ਦੁਆਰਾ ਆਹਲਾ ‘ਧੰਨ ਲੇਖਾਰੀ ਨਾਨਕਾ’ ਦੀ ਪੇਸ਼ਕਾਰੀ ਕੀਤੀ ਗਈ। ਇਸ ਸ਼ੈਸ਼ਨ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ, ਚੇਅਰਮੈਨ ਪੰਜਾਬ ਕਲਾ ਪਰੀਸ਼ਦ ਵੱਲੋਂ ਕੀਤੀ ਗਈ ਅਤੇ ਕੇਵਲ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆ ਸੁਰਜੀਤ ਪਾਤਰ ਨੇ ਆਖਿਆ ਕਿ ਪੀਪਲਜ਼ ਲਿਟਰੇਰੀ ਫੈਸਟੀਵਲ ਸਾਡੇ ਦਿਮਾਗਾਂ ਵਿਚ ਵਿਚਾਰਾਂ ਦੇ ਨਵੇਂ ਬੀਜ ਬੀਜਦਾ ਹੈ ਅਤੇ ਅਜਿਹੇ ਫੈਸਟੀਵਲ ਲੋਕ ਮਨਾਂ ਨੂੰ ਨਵੀਂ ਊਰਜਾ ਦਿੰਦੇ ਹਨ। ਪੀਪਲਜ਼ ਲਿਟਰੇਰੀ ਫੈਸਟੀਵਲ ਦੌਰਾਨ ਵੀਹ ਤੋਂ ਵਧੇਰੇ ਪ੍ਰਕਾਸ਼ਕਾਂ ਦੁਆਰਾ ਲਗਾਈ ਪੁਸਤਕ ਪ੍ਰਦਸ਼ਨੀ ਵਿਚ ਪਾਠਕਾਂ ਨੇ ਬਹੁਤ ਦਿਲਚਸਪੀ ਦਿਖਾਈ। ਕਿਸਾਨੀ, ਪੰਜਾਬ ਨਾਲ ਮਸਲਿਆਂ ਦੇ ਨਾਲ- ਨਾਲ ਕਹਾਣੀਆਂ, ਨਾਵਲਾਂ ਵਿਚ ਪਾਠਕਾਂ ਨੇ ਡਾਹਢੀ ਦਿਲਚਸਪੀ ਲਈ। ਰੋਹਤਕ ਨਿਵਾਸੀ ਪ੍ਰੋਫੈਸਰ ਸ਼ਮਸ਼ੇਰ ਸਿੰਘ ਨੇ ਕਿਸਾਨ ਅੰਦੋਲਨ ਸੰਬੰਧੀ ਵੈਬਸਾਈਟ ਜ਼ਾਰੀ ਕੀਤੀ।

Leave a Reply

Your email address will not be published. Required fields are marked *