ਡਿਪਟੀ ਕਮਿਸ਼ਨਰ ਨੇ ਚਾਈਨਾ/ਪਲਾਸਟਿਕ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਵਾਸੀਆਂ ਦਾ ਸਾਥ ਮੰਗਿਆ

ਗੁਰਦਾਸਪੁਰ

ਪ੍ਰਸ਼ਾਸਨ ਨੇ ਬੀਤੇ ਦਿਨੀਂ ਚਾਈਨਾ ਡੋਰ ਦੇ 327 ਗੱਟੂ ਬਰਾਮਦ ਕਰਕੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ

ਜ਼ਿਲ੍ਹਾ ਪ੍ਰਸ਼ਾਸਨ ਬੱਚਿਆਂ ਨੂੰ ਚਾਈਨਾ ਡੋਰ ਦੀ ਥਾਂ ਸੂਤੀ ਧਾਗੇ ਦੀ ਡੋਰ ਵਟਾ ਕੇ ਦੇਵੇਗਾ

ਵੱਧ ਚਾਈਨਾ ਡੋਰ ਜਮ੍ਹਾਂ ਕਰਵਾਉਣ ਵਾਲੇ ਬੱਚੇ ਨੂੰ ‘ਵਾਤਾਵਰਨ ਦੇ ਰਾਖੇ’ ਵਜੋਂ ਸਨਮਾਨਿਤ ਕੀਤਾ ਜਾਵੇਗਾ

ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਨੇ 01874-222710 ਹੈਲਪ ਲਾਈਨ ਨੰਬਰ ਜਾਰੀ ਕੀਤਾ

ਗੁਰਦਾਸਪੁਰ, 28 ਦਸੰਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਥੈਟਿਕ/ਪਲਾਸਿਟਿਕ/ਚਾਈਨਾ ਡੋਰ ਦੀ ਵਰਤੋਂ ਪਤੰਗਾਂ ਉਡਾੳੇਣ ਲਈ ਬਿਲਕੁਲ ਨਾ ਕਰਨ, ਕਿਉਂਕਿ ਇਹ ਡੋਰ ਮਨੁੱਖੀ ਜਾਨਾਂ ਸਮੇਤ ਵਾਤਾਵਰਨ ਲਈ ਬਹੁਤ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਲਾਸਟਿਕ ਡੋਰ ਉੱਪਰ ਪਾਬੰਦੀ ਲਗਾ ਕੇ ਇਸਦੀ ਵਰਤੋਂ ਤੇ ਵਿਕਰੀ ਨੂੰ ਸਖਤੀ ਨਾਲ ਰੋਕਿਆ ਜਾ ਰਿਹਾ ਹੈ ਅਤੇ ਪਿਛਲੇ ਦਿਨੀਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ’ਚੋਂ  ਚਾਈਨਾ ਡੋਰ ਦੇ 327 ਗੱਟੂ ਫੜ੍ਹ ਕੇ ਤਿੰਨ ਦੁਕਾਨਦਾਰਾਂ ਉੱਪਰ ਮੁਕੱਦਮੇ ਵੀ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਚੈਕਿੰਗ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਪਾਬੰਦੀਸ਼ੁਦਾ ਡੋਰ ਵੇਚਣ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜਿਹੜੇ ਬੱਚਿਆਂ ਕੋਲ ਅਜੇ ਵੀ ਪਿਛਲੇ ਸਾਲ ਦੀ ਪਲਾਸਟਿਕ/ਚਾਈਨਾ ਡੋਰ ਘਰ ਪਈ ਹੋਈ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਹ ਡੋਰ ਦੇ ਕੇ ਬਦਲੇ ਵਿੱਚ ਸੂਤੀ ਧਾਗੇ ਦੀ ਡੋਰ ਤੇ ਨਾਲ ਪਤੰਗਾਂ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਵਿੱਚ ਬਾਲ ਭਵਨ ਵਿੱਚ ਇਸ ਸਬੰਧੀ ਇੱਕ ਵਿਸ਼ੇਸ਼ ਕਾਊਂਟਰ ਸਥਾਪਤ ਕੀਤਾ ਗਿਆ ਹੈ ਜਿਥੇ ਬੱਚੇ ਚਾਈਨਾ ਡੋਰ ਵਟਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹੋਰ ਸ਼ਹਿਰਾਂ ਵਿੱਚ ਵੀ ਪ੍ਰਸ਼ਾਸਨ ਵੱਲੋਂ ਅਜਿਹੇ ਕਾਊਂਟਰ ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜਾ ਬੱਚਾ ਵੱਧ ਚਾਈਨਾ ਡੋਰ ਦੇ ਗੱਟੂ ਜਮ੍ਹਾਂ ਕਰਵਾਏਗਾ ਉਸਨੂੰ ਵਿਸ਼ੇਸ਼ ਤੌਰ ’ਤੇ ‘ਵਾਤਾਵਰਨ ਦੇ ਰਾਖੇ’ ਸਨਮਾਨ ਨਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਾ ਚਾਈਨਾ ਡੋਰ ਦਾ ਗੱਟੂ ਬਦਲਾਉਣ ਆਉਣ ਸਮੇਂ ਆਪਣੇ ਨਾਲ ਮਾਪਿਆਂ ਜਾਂ ਵੱਡਿਆਂ ਨੂੰ ਨਾਲ ਲੈ ਕੇ ਆਵੇ।

ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਨਤਾ ਦਾ ਸਹਿਯੋਗ ਲੈਣ ਲਈ ਇੱਕ ਹੈਲਪ ਲਾਈਨ ਨੰਬਰ 01874-222710 ਵੀ ਜਾਰੀ ਕੀਤਾ ਹੈ। ਇਸ ਹੈਲਪ ਲਾਈਨ ਨੰਬਰ ’ਤੇ ਕੋਈ ਵੀ ਬੱਚਾ ਇਸ ਮੁਹਿੰਮ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ ਅਤੇ ਨਾਲ ਹੀ ਇਸ ਨੰਬਰ ’ਤੇ ਜ਼ਿਲ੍ਹਾ ਵਾਸੀ ਚਾਈਨਾ/ਪਲਾਸਟਿਕ ਡੋਰ ਵੇਚਣ ਵਾਲੇ ਦੁਕਾਨਦਾਰਾਂ ਅਤੇ ਵਿਅਕਤੀਆਂ ਦੀ ਸੂਚਨਾ ਵੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਪੂਰੀ ਤਰਾਂ ਗੁਪਤ ਰੱਖਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਪਾਬੰਦੀਸ਼ੁਦਾ ਡੋਰ ਵੇਚਣ ਵਾਲੇ ਵਿਅਕਤੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਮਨੁੱਖੀ ਜਾਨਾਂ ਨਾਲ ਖੇਡਣ ਵਾਲੇ ਇਸ ਧੰਦੇ ਨੂੰ ਤੁਰੰਤ ਬੰਦ ਕਰ ਦੇਣ ਨਹੀਂ ਤਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਆਪਣੇ ਦਫ਼ਤਰ ਵਿਖੇ ਸ਼ਹਿਰ ਦੀਆਂ ਵਾਤਾਵਰਨ ਸੰਭਾਲ ਸੰਸਥਾ, ਸਮਾਜ ਸੇਵੀ ਸੰਸਥਾਵਾਂ ਅਤੇ ਵਪਾਰ ਮੰਡਲ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਵਿਚੋਂ ਚਾਈਨਾ ਡੋਰ ਦੇ ਮਾੜੇ ਰੁਝਾਨ ਨੂੰ ਰੋਕਣ ਲਈ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਸਮਾਜ ਸੇਵੀ ਸੰਸਥਾਵਾਂ, ਵਪਾਰ ਮੰਡਲ, ਸਕੂਲਾਂ ਦੇ ਅਧਿਆਪਕ ਅਤੇ ਖੁਦ ਬੱਚਿਆਂ ਦੇ ਮਾਪਿਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ਪਲਾਸਟਿਕ/ਚਾਈਨਾ ਡੋਰ ਨਾਲ ਪਤੰਗਾਂ ਨਾ ਉਡਾਉਣ ਬਲਕਿ ਪਤੰਗ ਉਡਾਉਣ ਲਈ ਬੱਚਿਆਂ ਨੂੰ ਸੂਤੀ ਧਾਗੇ ਦੀ ਡੋਰ ਵਰਤਣ ਲਈ ਉਤਸ਼ਾਹਤ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਵਰੀ ਦੇ ਦੂਸਰੇ ਹਫ਼ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਵਿਖੇ ਸੂਤੀ ਧਾਗੇ ਦੀ ਡੋਰ ਨੂੰ ਉਤਸ਼ਾਹਤ ਕਰਨ ਲਈ ‘ਪਤੰਗ ਉਤਸਵ’ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਾਂਝੇੁ ਯਤਨਾਂ ਨਾਲ ਹੀ ਚਾਈਨਾ ਡੋਰ ਦੀ ਇਸ ਬੁਰਾਈ ਨੂੰ ਖਤਮ ਕੀਤਾ ਜਾ ਸਕਦਾ ਹੈ।    

ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ (ਜ) ਡਾ. ਵਰੁਣ ਕੁਮਾਰ,  ਸ਼ਹਿਰ ਦੇ ਮੋਹਤਬਰ ਵਿਅਕਤੀ ਜਿਨ੍ਹਾਂ ਵਿੱਚ ਸ੍ਰੀ ਹੀਰਾ ਮਨੀ ਅਗਰਵਾਲ, ਸ੍ਰੀ ਦਰਸ਼ਨ ਮਹਾਜਨ ਪ੍ਰਧਾਨ ਵਪਾਰ ਮੰਡਲ, ਸ੍ਰੀ ਇੰਦਰਜੀਤ ਸਿੰਘ ਬਾਜਵਾ, ਸ੍ਰੀ ਅਸ਼ੋਕ ਪੁਰੀ, ਪ੍ਰੋ. ਸ਼ਿਵ ਦਿਆਲ, ਮਾਸਟਰ ਰਜਿੰਦਰ ਸਿੰਘ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਸ੍ਰੀ ਰਾਜੀਵ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *