ਸੰਥੈਟਿਕ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਵਿਸ਼ੇਸ਼ ਮੁਹਿੰਮ ਅਰੰਭੀ

ਗੁਰਦਾਸਪੁਰ

ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀਆਂ ਨਿਗਰਾਨ ਟੀਮਾਂ ਗਠਿਤ

ਪਾਬੰਦੀਸ਼ੁਦਾ ਡੋਰ ਮਿਲਣ ’ਤੇ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ

ਸੂਤੀ ਡੋਰ ਨੂੰ ਉਤਸ਼ਾਹਤ ਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਜਨਵਰੀ ਦੇ ਦੂਸਰੇ ਹਫ਼ਤੇ ਗੁਰਦਾਸਪੁਰ ਵਿੱਚ ਕਰਵਾਇਆ ਜਾਵੇਗਾ ‘ਪਤੰਗ ਉਤਸਵ’

ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਤੇ ਸਿਵਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਿਲ੍ਹੇ ਵਿੱਚ ਪਤੰਗਾਂ/ਗੁੱਡੀਆਂ ਉਡਾਉਣ ਲਈ ਸੰਥੇਟਿਕ/ਪਲਾਸਟਿਕ ਦੀ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਸਖਤੀ ਵਰਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਐੱਸ.ਐੱਸ.ਪੀ. ਗੁਰਦਾਸਪੁਰ ਤੇ ਬਟਾਲਾ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਆਉਂਦੇ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕਰਕੇ ਪਲਾਸਟਿਕ ਡੋਰ ਦੀ ਵਿਕਰੀ, ਸਟੋਰ ਕਰਨ ਅਤੇ ਖਰੀਦ ਨੂੰ ਰੋਕਣ ਲਈ ਛਾਪੇਮਾਰੀ ਕਰਨ। ਇਸਦੇ ਨਾਲ ਹੀ ਰੋਜ਼ਾਨਾਂ ਬਜ਼ਾਰਾਂ ਵਿਚੋਂ ਅਤੇ ਗੱਡੀਆਂ ਦੀ ਚੈਕਿੰਗ ਕਰਕੇ ਯਕੀਨੀ ਬਣਾਇਆ ਜਾਵੇ ਕਿ ਕਿਤੇ ਵੀ ਪਲਾਸਟਿਕ ਡੋਰ ਦੀ ਵਿਕਰੀ-ਖਰੀਦ ਜਾਂ ਵਰਤੋਂ ਨਹੀਂ ਹੋ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਸਮੂਹ ਐੱਸ.ਡੀ.ਐੱਮਜ਼ ਨੂੰ ਆਪਣੀ ਤਹਿਸੀਲ ਵਿੱਚ ਪਲਾਸਟਿਕ ਡੋਰ ਦੀ ਰੋਕਥਾਮ ਲਈ ਓਵਰਆਲ ਇੰਚਾਰਜ ਨਿਯੁਕਤ ਕੀਤਾ ਹੈ, ਜੋ ਪਲਾਟਿਕ ਡੋਰ ਦੀ ਵਰਤੋਂ ਨੂੰ ਰੋਕ ਕੇ ਆਮ ਜਨਤਾ ਨੂੰ ਸੂਤੀ ਧਾਗੇ ਦੀ ਵਰਤੋਂ ਲਈ ਪ੍ਰੇਰਿਤ ਕਰਨਗੇ।

ਇਸਦੇ ਨਾਲ ਹੀ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ ਦੇ ਸਮੂਹ ਸਰਕਾਰੀ/ਗੈਰ ਸਰਕਾਰੀ/ਪ੍ਰਾਈਵੇਟ/ਮਾਨਤਾ ਪ੍ਰਾਪਤ ਸਕੂਲਾਂ ਆਦਿ ਵਿਚ ਪਲਾਸਟਿਕ ਦੀ ਡੋਰ ਦੀ ਰੋਕਥਾਮ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਨ ਦੇ ਹੁਕਮ ਕੀਤੇ ਗਏ ਹਨ। ਅਧਿਆਪਕ ਬੱਚਿਆਂ ਦੀ ਸਕੂਲ ਡਾਇਰੀ ਵਿਚ ਪਲਾਸਟਿਕ ਦੀ ਡੋਰ ਦੀ ਵਰਤੋਂ ਨਾ ਕਰਨ ਸਬੰਧੀ ਲਿਖ ਕੇ ਭੇਜਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਨਗਰ ਨਿਗਮ, ਬਟਾਲਾ, ਸਹਾਇਕ ਕਮਿਸਨਰ ਕਰ ਵਿਭਾਗ, ਗੁਰਦਾਸਪੁਰ, ਸਮੂਹ ਬੀ.ਡੀ.ਪੀ.ਓ. ਅਤੇ ਸਮੂਹ ਨਗਰ ਕੌਂਸਲਾਂ ਵਲੋਂ ਪਲਾਸਟਿਕ ਦੀ ਡੋਰ ਦੀ ਚੈਕਿੰਗ ਸਬੰਧੀ ਆਪਣੇ ਅਧਿਕਾਰ ਖੇਤਰ ਵਿਚ ਦੁਕਾਨਦਾਰਾਂ/ਵਪਾਰੀਆਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਪਲਾਸਟਿਕ ਦੀ ਝੋਰ ਸਬੰਧੀ ਪੁਰਾਣਾ ਮਾਲ ਵੇਚਣ ਤੋਂ ਅਤੇ ਨਵਾਂ ਮਾਲ ਖਰੀਦਣ ਤੋਂ ਮਨਾਹੀ ਕਰਨ ਲਈ ਜਾਗਰੂਕ ਕਰਨ। ਇਸ ਦੇ ਨਾਲ ਹੀ ਪਲਾਸਟਿਕ ਡੋਰ ਨੂੰ ਬਰਾਮਦ ਕਰਨ ਪੁਲਿਸ ਨਾਲ ਤਾਲਮੇਲ ਕਰਕੇ ਚੈਕਿੰਗ ਅਭਿਆਨ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਕੋਲੋਂ ਵੀ ਇਹ ਪਾਬੰਦੀਸ਼ੁਦਾ ਡੋਰ ਪ੍ਰਾਪਤ ਹੁੰਦੀ ਹੈ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪਲਾਸਟਿਕ ਡੋਰ ਦੀ ਵਰਤੋਂ ਨੂੰ ਰੋਕਣ ਲਈ ਕਮਿਸਨਰ ਨਗਰ ਨਿਗਮ/ਸਮੂਹ ਕਾਰਜ ਸਾਧਕ ਅਫਸਰ ਸਹਿਬਾਨ ਸਹਿਰੀ ਖੇਤਰ ਵਿੱਚ ਐਨ.ਜੀ.ਓ. ਨਾਲ ਮਿਲ ਕੇ ਵਾਰਡ ਪੱਧਰ ਤੇ ਅਤੇ ਸਮੂਹ ਬੀ.ਡੀ.ਪੀ.ਓ. ਸਹਿਬਾਨ ਪੇਂਡੂ ਖੇਤਰ ਵਿੱਚ ਮੋਹਤਬਾਰ ਵਿਅਕਤੀਆਂ ਨਾਲ ਮਿਲ ਕੇ ਪਿੰਡ ਪੱਧਰ ਤੇ ਨਿਗਰਾਨ ਕਮੇਟੀਆਂ ਬਨਾਉਣਗੇ ਜੋ ਕਿ ਲੋਕਾਂ ਵਿੱਚ ਪਲਾਸਟਿਕ ਡੋਰ ਦੀ ਵਰਤੋਂ ਨਾ ਕਰਨ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨਗੀਆਂ ਅਤੇ ਨਾਲ ਹੀ ਜ਼ਿਲੇ ਵਿੱਚ ਕਿਤੇ ਵੀ ਪਲਾਸਟਿਕ ਡੋਰ ਦੀ ਵਿਕਰੀ ਸਬੰਧੀ ਸੂਚਨਾ ਪ੍ਰਸ਼ਾਸਨ ਨੂੰ ਦੇਣਗੀਆਂ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧੀਆ ਕੰਮ ਕਰਨ ਵਾਲੀ ਕਮੇਟੀ ਨੂੰ ਜ਼ਿਲ੍ਹਾ ਪੱਧਰ ’ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੰਥੈਟਿਕ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਥੈਟਿਕ ਡੋਰ ਦੀ ਵਰਤੋਂ ਨੂੰ ਰੋਕਣ ਅਤੇ ਸੂਤੀ ਧਾਗੇ ਦੀ ਡੋਰ ਨੂੰ ਉਤਸ਼ਾਹਤ ਕਰਨ ਲਈ ਜਨਵਰੀ ਦੇ ਦੂਸਰੇ ਹਫ਼ਤੇ ਗੁਰਦਾਸਪੁਰ ਵਿੱਚ ਪਤੰਗ ਉਤਸਵ ਕਰਵਾਇਆ ਜਾਵੇਗਾ ਜਿਸ ਵਿੱਚ ਦੇਸ਼ ਅਤੇ ਸੂਬੇ ਭਰ ਵਿੱਚੋਂ ਨਾਮੀ ਪਤੰਗਬਾਜ਼ ਸ਼ਾਮਿਲ ਹੋਣਗੇ।

Leave a Reply

Your email address will not be published. Required fields are marked *