ਗੁਰਦਾਸਪੁਰ, 19 ਦਸੰਬਰ (ਸਰਬਜੀਤ ਸਿੰਘ)-ਦੇਸ਼ ਦੇ ਉੱਘੇ ਇਨਕਲਾਬੀ ਆਗੂ ਅਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਤੀਜੇ ਜਨਰਲ ਸਕੱਤਰ ਕਾਮਰੇਡ ਵਿਨੋਦ ਮਿਸ਼ਰਾ ਦੀ 24ਵੀਂ ਬਰਸੀ ਨੂੰ ਅੱਜ ਪਾਰਟੀ ਵਰਕਰਾਂ ਵਲੋਂ ਮਾਨਸਾ, ਸਰਦੂਲਗੜ੍ਹ, ਬੁਢਲਾਡਾ ਅਤੇ ਭੀਖੀ ਵਿਖੇ ਫਾਸ਼ੀਵਾਦ ਖ਼ਿਲਾਫ਼ ਸਮਝੌਤਾ ਹੀਣ ਸੰਘਰਸ਼ ਦੇ ਸੰਕਲਪ ਦਿਵਸ ਦੇ ਰੂਪ ਵਿਚ ਮਨਾਇਆ ਗਿਆ।
ਇਸ ਮੌਕੇ ਲਿਬਰੇਸ਼ਨ ਵਰਕਰਾਂ ਨੇ ‘ਫਾਸੀਵਾਦ ਹਰਾਓ, ਲੋਕਤੰਤਰ ਬਚਾਓ’ ਦੇ ਨਾਹਰੇ ਹੇਠ 15-20 ਫਰਵਰੀ 2023 ਤੱਕ ਪਟਨਾ ਸਾਹਿਬ ਵਿਖੇ ਹੋਣ ਵਾਲੇ ਸੀਪੀਆਈ (ਐਮ ਐਲ) ਦੇ 11ਵੇਂ ਕੌਮੀ ਮਹਾਂ ਸੰਮੇਲਨ ਦੀ ਕਾਮਯਾਬੀ ਲਈ ਜ਼ਿਲੇ ਵਿਚ ਚਲਾਈ ਜਾਣ ਵਾਲੀ ਤਿਆਰੀ ਤੇ ਪ੍ਰਚਾਰ ਮੁਹਿੰਮ ਦੀ ਰੂਪ ਰੇਖਾ ਉਲੀਕੀ। ਉਨ੍ਹਾਂ ਨੇ ਇਹ ਸੰਕਲਪ ਲਿਆ ਕਿ ਤਮਾਮ ਹਮਖਿਆਲ ਸ਼ਕਤੀਆਂ ਨੂੰ ਇਕਜੁੱਟ ਕਰਦਿਆਂ ਦੇਸ਼ ਵਿਚੋਂ ਕਾਰਪੋਰੇਟ ਪ੍ਰਸਤ ਤੇ ਫਿਰਕੂ ਫਾਸ਼ੀਵਾਦੀ ਸੰਘ – ਬੀਜੇਪੀ ਗਿਰੋਹ ਨੂੰ ਉਖਾੜ ਸੁੱਟਣ ਲਈ ਉਹ ਅਪਣੀ ਪੂਰੀ ਤਾਕਤ ਨਾਲ ਜਦੋਜਹਿਦ ਕਰਨਗੇ। ਤਾਂ ਜੋ ਦੇਸ਼ ਵਿਚ ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਔਰਤਾਂ, ਧਾਰਮਿਕ ਤੇ ਕੌਮੀ ਘੱਟਗਿਣਤੀਆਂ ਦੇ ਬੁਨਿਆਦੀ ਹੱਕਾਂ- ਅਧਿਕਾਰਾਂ, ਸਮਾਜਿਕ ਸਮਾਨਤਾ, ਫੈਡਰਲਿਜ਼ਮ ਅਤੇ ਸਭਿਆਚਾਰਕ ਵੰਨ ਸੁਵੰਨਤਾ ਦੀ ਰਾਖੀ ਵਰਗੇ ਜਮਹੂਰੀ ਸੰਕਲਪਾਂ ਨੂੰ ਬੁਲੰਦ ਕੀਤਾ ਜਾ ਸਕੇ। ਵੱਖ ਵੱਖ ਕਸਬਿਆਂ ਵਿਚ ਹੋਏ ਇੰਨਾਂ ਸਮਾਗਮਾਂ ਨੂੰ ਪਾਰਟੀ ਦੇ ਪ੍ਰਮੁੱਖ ਆਗੂਆਂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਗੁਰਮੀਤ ਸਿੰਘ ਸਰਪੰਚ ਨੰਦਗੜ੍ਹ, ਸੁਰਿੰਦਰ ਪਾਲ ਸ਼ਰਮਾ, ਗੁਰਸੇਵਕ ਮਾਨ, ਸੁਖਵਿੰਦਰ ਬੋਹਾ, ਧਰਮਪਾਲ ਨੀਟਾ, ਦਿਨੇਸ਼ ਸੋਨੀ, ਗੁਰਵਿੰਦਰ ਨੰਦਗੜ੍ਹ, ਦਰਸ਼ਨ ਸਿੰਘ ਦਾਨੇਵਾਲਾ, ਹਰਮੇਸ਼ ਸਿੰਘ ਭੰਮੇ, ਬਿੰਦਰ ਕੌਰ ਉੱਡਤ, ਕਮਲ ਕੌਰ ਝੁਨੀਰ, ਗੁਰਵੰਤ ਸਿੰਘ ਅਤੇ ਬੂਟਾ ਸਿੰਘ ਦੂਲੋਵਾਲ ਵਲੋਂ ਸੰਬੋਧਨ ਕੀਤਾ ਗਿਆ।



