ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਹਰੀ ਝੰਡੀ ਦਿਖਾ ਕੇ ਯਾਤਰੂ ਬੱਸ ਨੂੰ ਰਵਾਨਾ ਕੀਤਾ

ਗੁਰਦਾਸਪੁਰ

ਜ਼ਿਲ੍ਹਾ ਗੁਰਦਾਸਪੁਰ ਦੀ ਧਾਰਮਿਕ ਤੇ ਇਤਿਹਾਸਕ ਵਿਰਾਸਤ ਨੂੰ ਉਜ਼ਾਗਰ ਕਰਨ ਤੇ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ

ਨੌਜਵਾਨ ਆਪਣੇ ਜ਼ਿਲ੍ਹੇ ਦੀ ਵਿਰਾਸਤ ਦੇ ਬਰੈਂਡ ਅੰਬੈਸਡਰ ਬਣ ਕੇ ਇਸ ਨੂੰ ਪ੍ਰਚਾਰਨ ਤੇ ਪ੍ਰਫੂਲਤ ਕਰਨ ਵਿੱਚ ਯੋਗਦਾਨ ਪਾਉਣ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 12 ਦਸੰਬਰ (ਸਰਬਜੀਤ ਸਿੰਘ) – ਜ਼ਿਲ੍ਹਾ ਗੁਰਦਾਸਪੁਰ ਧਾਰਮਿਕ ਅਤੇ ਇਤਿਹਾਸਕ ਵਿਰਾਸਤਾਂ ਦੇ ਪੱਖ ਤੋਂ ਬਹੁਤ ਅਮੀਰ ਹੈ ਅਤੇ ਇਨ੍ਹਾਂ ਵਿਰਾਸਤਾਂ ਨੂੰ ਉਜ਼ਾਗਰ ਕਰਨ ਤੇ ਜ਼ਿਲ੍ਹੇ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਜ਼ਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੇ ਇਤਿਹਾਸ ਤੇ ਵਿਰਸੇ ਨਾਲ ਜੋੜਿਆ ਜਾਵੇ ਤਾਂ ਜੋ ਨੌਜਵਾਨ ਵੀ ਆਪਣੀ ਵਿਰਾਸਤ ਨੂੰ ਸੰਭਾਲਣ ਲਈ ਅੱਗੇ ਆਉਣ।

ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਸਥਾਨਕ ਪੰਚਾਇਤ ਭਵਨ ਤੋਂ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ ਚਲਾਈ ਜਾਂਦੀ ਮੁਫ਼ਤ ਯਾਤਰੂ ਬੱਸ ਨੂੰ ਰਵਾਨਾ ਕਰਨ ਤੋਂ ਪਹਿਲਾਂ ਯਾਤਰੂਆਂ ਨਾਲ ਗੱਲ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਗੁਰਦਾਸਪੁਰ ਤੇ ਬਟਾਲਾ ਸਰਕਟ ਤੋਂ ਮੁਫ਼ਤ ਯਾਤਰੂ  ਬੱਸਾਂ ਰਾਹੀਂ ਹਰ ਪੰਦਰਾਂ ਦਿਨਾਂ ਬਾਅਦ ਜ਼ਿਲ੍ਹੇ ਦੇ ਇਤਿਹਾਸਕ ਅਤੇ ਧਾਰਮਿਕ ਅਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਨੂੰ ਟੂਰਿਜ਼ਮ ਦੇ ਨਕਸ਼ੇ ’ਤੇ ਉਭਾਰਨ ਦੇ ਵਿਸ਼ੇਸ਼ ਯਤਨ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਅੰਮ੍ਰਿਤਸਰ ਆਉਂਦੇ ਯਾਤਰੂਆਂ ਨੂੰ ਜ਼ਿਲ੍ਹਾ ਗੁਰਦਾਸਪੁਰ ਵੱਲ ਵੀ ਆਕਰਸ਼ਿਤ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਯਾਤਰਾ ਕਰ ਰਹੇ ਨੌਜਵਾਨਾਂ ਨੂੰ ਕਿਹਾ ਕਿ ਉਹ ਯਾਤਰਾ ਦੌਰਾਨ ਹਰ ਦਿਖਾਏ ਜਾਣ ਵਾਲੇ ਅਸਥਾਨ ਨੂੰ ਬੜੇ ਧਿਆਨ ਨਾਲ ਦੇਖਣ ਅਤੇ ਉਸਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰਨ। ਉਨ੍ਹਾਂ ਕਿਹਾ ਕਿ ਯਾਤਰਾ ਤੋਂ ਵਾਪਸ ਆ ਕੇ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਕੂਲਾਂ-ਕਾਲਜ ਵਿੱਚ ਆਪਣੇ ਸਹਿਪਾਠੀਆਂ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਨ। ਇਸਤੋਂ ਇਲਾਵਾ ਇਨ੍ਹਾਂ ਵਿਰਾਸਤਾਂ ਦੀ ਸੰਭਾਲ ਲਈ ਹੋਰ ਬੇਹਤਰ ਕੀ ਕੀਤਾ ਜਾ ਸਕਦਾ ਹੈ ਉਸਦੀ ਫੀਡਬੈਕ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਤਾਂ ਜੋ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਜਰੂਰੀ ਕਦਮ ਉਠਾਏ ਜਾ ਸਕਣ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣੇ ਜ਼ਿਲ੍ਹੇ ਦੀ ਵਿਰਾਸਤ ਦੇ ਬਰੈਂਡ ਅੰਬੈਸਡਰ ਬਣ ਕੇ ਇਸ ਨੂੰ ਪ੍ਰਚਾਰਨ ਤੇ ਪ੍ਰਫੂਲਤ ਕਰਨ ਵਿੱਚ ਯੋਗਦਾਨ ਪਾਉਣ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਹੈਰੀਟੇਜ਼ ਦੇ ਸਮੂਹ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਇਸ ਯਤਨ ਦੀ ਵੀ ਸ਼ਲਾਘਾ ਕੀਤੀ।

ਦੱਸਣਯੋਗ ਹੈ ਕਿ ਗੁਰਦਾਸਪੁਰ ਸਰਕਟ ਅਧੀਨ ਯਾਤਰੂਆਂ ਨੂੰ ਘੱਲੂਘਾਰਾ ਸ਼ਹੀਦੀ ਸਮਾਰਕ ਕਾਹਨੂੰਵਾਨ ਛੰਬ, ਕਲਾਨੌਰ ਵਿਖੇ ਸ਼ਿਵ ਮੰਦਰ ਤੇ ਤਖਤ-ਏ-ਅਕਬਰੀ, ਡੇਰਾ ਬਾਬਾ ਨਾਨਕ ਵਿਖੇ ਧਾਰਮਿਕ ਅਸਥਾਨਾਂ ਦੇ ਦਰਸ਼ਨ, ਪਿੰਡ ਰੱਤੜ-ਛੱਤੜ ਵਿਖੇ ਬਾਬਾ ਮੁਕਾਮ ਸ਼ਾਹ ਦੀ ਦਰਗਾਹ, ਧਿਆਨਪੁਰ ਵਿਖੇ ਬਾਬਾ ਲਾਲ ਦਿਆਲ ਜੀ ਦੇ ਮੰਦਰ ਅਤੇ ਗੁਰਦਾਸਨੰਗਲ ਵਿਖੇ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਦਰਸ਼ਨ ਕਰਵਾਏ ਜਾਂਦੇ ਹਨ। ਇਸੇ ਤਰਾਂ ਬਟਾਲਾ ਸਰਕਟ ਅਧੀਨ ਘੱਲੂਘਾਰਾ ਸ਼ਹੀਦੀ ਸਮਾਰਕ ਕਾਹਨੂੰਵਾਨ ਛੰਬ, ਸ੍ਰੀ ਹਰਗੋਬਿੰਦਪੁਰ ਵਿਖੇ ਗੁਰੂ ਕੀ ਮਸੀਤ, ਲਾਹੌਰੀ ਦਰਵਾਜ਼ਾ, ਗੁਰਦੁਆਰਾ ਸ੍ਰੀ ਦਮਮਦਾ ਸਾਹਿਬ, ਕ੍ਰਿਸ਼ਨਾ ਮੰਦਰ ਕਿਸ਼ਨ ਕੋਟ, ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੀ ਸਮਾਧ ਘੁਮਾਣ, ਪਿੰਡ ਮਸਾਣੀਆਂ ਵਿਖੇ ਬਾਬਾ ਬਦਰ ਸ਼ਾਹ ਦੀਵਾਨ ਦੀ ਮਜ਼ਾਰ ਅਤੇ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਹਨ।

ਪੰਚਾਇਤ ਭਵਨ ਤੋਂ ਬੱਸ ਨੂੰ ਹਰੀ ਝੰਡੀ ਦੇਣ ਮੌਕੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਕੱਤਰ ਪ੍ਰੋ. ਰਾਜ ਕੁਮਾਰ ਸ਼ਰਮਾਂ, ਡਿਪਟੀ ਡੀ.ਈ.ਓ. ਲਖਵਿੰਦਰ ਸਿੰਘ, ਹਰਮਨਪ੍ਰੀਤ ਸਿੰਘ ਜਾਇੰਟ ਸਕੱਤਰ ਹੈਰੀਟੇਜ ਸੁਸਾਇਟੀ, ਐਡਵੋਕੇਟ ਰਾਜੀਵ ਦੱਤ, ਲੈਕਚਰਾਰ ਅਮਰਜੀਤ ਸਿੰਘ, ਸਰਬਜੀਤ ਸਿੰਘ, ਸ੍ਰੀਮਤੀ ਪ੍ਰਵੀਨ ਕੁਮਾਰੀ, ਅਵਤਾਰ ਸਿੰਘ ਅਤੇ ਛੋਟਾ ਘੱਲੂਘਾਰਾ ਸਮਾਰਕ ਦੇ ਗਾਇਡ ਦਮਨਜੀਤ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *