ਆਪ’ ਸਰਕਾਰ ਆਪਣੇ ਖ਼ਰਚੇ ਨਾਲ ਸਬਸਿਡੀ ਵਾਲੀ ਕਣਕ ਜਾਰੀ ਰੱਖੇ- ਬਾਜਵਾ

ਪੰਜਾਬ

ਜਦੋਂ ‘ਆਪ’ ਸਵੈ-ਪ੍ਰਚਾਰ ‘ਤੇ ਕਰੋੜਾਂ ਰੁਪਏ ਖ਼ਰਚ ਕਰ ਸਕਦੀ ਹੈ ਤਾਂ ਉਹ ਲਾਭਪਾਤਰੀਆਂ ਨੂੰ ਸਰਕਾਰੀ ਖ਼ਜ਼ਾਨੇ ‘ਚੋਂ ਸਬਸਿਡੀ ਵਾਲੀ ਕਣਕ ਕਿਉਂ ਨਹੀਂ ਦੇ ਸਕਦੀ ? ਬਾਜਵਾ

ਗੁਰਦਾਸਪੁਰ, 1 ਦਸੰਬਰ (ਸਰਬਜੀਤ ਸਿੰਘ)–ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਕੁੱਲ ਕਣਕ ਦੀ ਵੰਡ ‘ਤੇ ਕਟੌਤੀ ਕਰਨ ਦੇ ਫ਼ੈਸਲੇ ਤੋਂ ਬਾਅਦ ਸਾਰੇ ਲਾਭਪਾਤਰੀਆਂ ਨੂੰ ਸਬਸਿਡੀ ਵਾਲੀ ਕਣਕ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲਾਭਪਾਤਰੀਆਂ ਨੂੰ ਸਬਸਿਡੀ ‘ਤੇ ਕਣਕ ਦਾ ਆਟਾ ਮੁਹੱਈਆ ਕਰਵਾਉਣਾ ਆਮ ਆਦਮੀ ਪਾਰਟੀ ਦਾ ਮੁੱਖ ਚੋਣ ਵਾਅਦਾ ਹੈ। ਕਿਉਂਕਿ ਕੇਂਦਰ ਨੇ ਨੈਸ਼ਨਲ ਫੂਡ ਸੇਫ਼ਟੀ ਐਕਟ ਦੇ ਤਹਿਤ ਪੰਜਾਬ ਦੇ ਲਗਭਗ 16 ਲੱਖ ਲਾਭਪਾਤਰੀਆਂ ਨੂੰ ਪ੍ਰਭਾਵਿਤ ਕਰਨ ਵਾਲੀ ਕਟੌਤੀ ਲਾਈ ਹੈ, ਇਸ ਲਈ ‘ਆਪ’ ਸਰਕਾਰ ਨੂੰ ਉਦਾਰਤਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਅਤੇ ਆਪਣੇ ਖ਼ਰਚੇ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੂੰ ਸਬਸਿਡੀ ਵਾਲੀ ਕਣਕ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ।
ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ “ਜਦੋਂ ‘ਆਪ’ ਸਰਕਾਰ ਟੈਕਸ ਭਰਨ ਵਾਲੀ ਜਨਤਾ ਦੇ ਕਰੋੜਾਂ ਰੁਪਏ ਦਾ ਪੈਸਾ ਸਵੈ-ਪ੍ਰਚਾਰ ‘ਤੇ ਖ਼ਰਚ ਕਰ ਸਕਦੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਆਪਣੇ ਕਾਫ਼ਲੇ ਵਿੱਚ ਹੋਰ ਵਾਹਨ ਸ਼ਾਮਲ ਕਰ ਸਕਦੇ ਹਨ, ਤਾਂ ਇਹ ਲਾਭਪਾਤਰੀਆਂ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਸਬਸਿਡੀ ਵਾਲੀ ਕਣਕ ਕਿਉਂ ਨਹੀਂ ਪ੍ਰਦਾਨ ਕਰ ਸਕਦੀ? ਇਸ ਉਦੇਸ਼ ਲਈ ਉਨ੍ਹਾਂ ਨੂੰ ਲੋੜ ਹੈ ਕਿ ਮੀਡੀਆ ਇਸ਼ਤਿਹਾਰਾਂ ‘ਤੇ ਫ਼ਜ਼ੂਲ ਖ਼ਰਚੀ ਬੰਦ ਕਰਨ, ਪਬਲਿਕ ਰਿਲੇਸ਼ਨ ਬਜਟ ਨੂੰ ਘਟਾਉਣ ਅਤੇ ਇਸ ਬਜਟ ਦੀ ਵਰਤੋਂ ਪੰਜਾਬ ਦੇ ਵਸਨੀਕਾਂ ਦੇ ਵੱਡੇ ਭਲੇ ਲਈ ਕਰਨ ।
ਬਾਜਵਾ, ਜੋ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਵੀ ਹਨ, ਨੇ ਅੱਗੇ ਕਿਹਾ ਕਿ ਪੰਜਾਬ ਦੇ ਇੱਕ ਪ੍ਰਮੁੱਖ ਅਖ਼ਬਾਰ ਨੇ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਇੱਕ ਉੱਚ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਉਹ ਹੁਣ ਡਿਪੂ ਹੋਲਡਰਾਂ ਨੂੰ ਸਟਾਕ ਚੁੱਕਣ ਲਈ ਕਹਿ ਰਹੇ ਹਨ। ‘ਆਪ’ ਨੂੰ ਤੁਰੰਤ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਲਾਭਪਾਤਰੀਆਂ ਨੂੰ ਉਹ ਉਪਲਬਧ ਕਰਾਉਣਾ ਚਾਹੀਦਾ ਹੈ ਜਿਸ ਦੇ ਉਹ ਹੱਕਦਾਰ ਹਨ। ਬਾਜਵਾ ਨੇ ਕਿਹਾ ਉਹ ਬਾਅਦ ਵਿੱਚ ਇਸ ਬਾਰੇ ਯੋਜਨਾ ਬਣਾ ਸਕਦੇ ਹਨ ਕਿ ਲਾਭਪਾਤਰੀਆਂ ਨੂੰ ਸਬਸਿਡੀ ਵਾਲੀ ਕਣਕ ਕਿਵੇਂ ਦਿੱਤੀ ਜਾਵੇ ਜਾਂ ਉਹ ਕੇਂਦਰ ਸਰਕਾਰ ਨਾਲ ਆਪਣਾ ਮਸਲਾ ਹੱਲ ਕਰ ਸਕਦੇ ਹਨ। ਗ਼ਰੀਬ ਲਾਭਪਾਤਰੀਆਂ ਨੂੰ ਇਸ ਤਰਾਂ ਦੁਖੀ ਨਹੀਂ ਹੋਣ ਦੇਣਾ ਚਾਹੀਦਾ” ।

Leave a Reply

Your email address will not be published. Required fields are marked *