ਤਰੁਨਪ੍ਰੀਤ ਸਿੰਘ ਸੌਦ ਕੈਬਨਿਟ ਮੰਤਰੀ ਪੰਜਾਬ,ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਅਤੇ ਬਾਬਾ ਲਖਵੀਰ ਸਿੰਘ ਜੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਉਦਘਾਟਨ
ਮੋਹਾਲੀ, ਗੁਰਦਾਸਪੁਰ, 29 ਦਸੰਬਰ (ਸਰਬਜੀਤ ਸਿੰਘ)– ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਆਪਣੀ ਨੌਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ , ਚੰਡੀਗੜ੍ਹ ਮੋਹਾਲੀ , ਵਿਖੇ ਕਰਵਾਈ ਜਾ ਰਹੀ ਹੈ । 28 ਦਸੰਬਰ ਤੋਂ 30 ਦਸੰਬਰ ਤੱਕ ਚੱਲਣ ਵਾਲੀ ਇਸ ਤਿੰਨ ਰੋਜਾ ਚੈਂਪੀਅਨਸ਼ਿਪ ਦਾ ਅੱਜ 28 ਦਸੰਬਰ 2025 ਨੂੰ ਉਦਘਾਟਨੀ ਸਮਾਰੋਹ ਹੋਇਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਪੂਰੇ ਦੇਸ਼ ਵਿਚੋਂ 20 ਰਾਜਾਂ ਦੇ 500 ਖਿਡਾਰੀ (ਲੜਕੇ ਤੇ ਲੜਕੀਆਂ) ਇੱਥੇ ਪਹੁੰਚੇ ਹਨ। ਅੰਡਰ 19 ਅੰਡਰ 25 ਅਤੇ ਅੰਡਰ 30 ਉਮਰ ਵਰਗ ਦੇ ਹੋਣ ਵਾਲੇ ਮੁਕਾਬਲਿਆਂ ਵਿੱਚੋਂ ਜੇਤੂ ਖਿਡਾਰੀਆਂ ਨੂੰ ਮੈਡਲਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਅੱਜ ਦੇ ਇਸ ਉਦਘਾਟਨੀ ਸਮਾਰੋਹ ਦੇ ਵਿੱਚ ਚੈਂਪੀਅਨਸ਼ਿਪ ਦਾ ਉਦਘਾਟਨ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ , ਤਰੁਨਪ੍ਰੀਤ ਸਿੰਘ ਸੋਂਦ ਪੇਂਡੂ ਵਿਕਾਸ ਮੰਤਰੀ , ਬਾਬਾ ਲਖਬੀਰ ਸਿੰਘ ਜੀ ਚੇਅਰਮੈਨ ਵਿਸ਼ਵ ਗੁਰਮਤ ਰੂਹਾਨੀ ਚੈਰੀਟੇਬਲ ਟਰੱਸਟ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਬੋਲਦਿਆਂ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਵਾਈਸ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਨੇ ਕਿਹਾ ਕਿ ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਈ ਗਈ ਇਸ ਚੈਂਪੀਅਨਸ਼ਿਪ ਦੇ ਵਿੱਚ ਜੇਤੂ ਖਿਡਾਰੀਆਂ ਨੂੰ ਖੇਲੋ ਇੰਡੀਆ ਵਿੱਚ ਖੇਡਣ ਦਾ ਮੌਕਾ ਮਿਲੇਗਾ। ਇਸ ਮੌਕੇ ਮਨਵਿੰਦਰ ਸਿੰਘ ਕੰਗ ਨੇ ਕਿਹਾ ਕਿ ਗਤਕਾ ਸਿੱਖਾਂ ਦੀ ਇੱਕ ਰਿਵਾਇਤੀ ਖੇਡ ਹੈ ਅਤੇ ਬੜੇ ਮਾਣ ਵਾਲੀ ਗੱਲ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਕੇ ਇਹ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ । ਉਹਨਾਂ ਇਸ ਮੌਕੇ ਇਸ ਖੇਡ ਨੂੰ ਉੱਚਾ ਚੁੱਕਣ ਦੇ ਲਈ ਬਣਦੀ ਸਹਾਇਤਾ ਦੇਣ ਦਾ ਵੀ ਵਾਅਦਾ ਕੀਤਾ। ਇਸ ਮੌਕੇ ਤਰੁਨਪ੍ਰੀਤ ਸਿੰਘ ਸੋਂਦ ਵੱਲੋਂ ਜਿੱਥੇ ਆਏ ਹੋਏ ਬੱਚਿਆਂ ਨੂੰ ਵਧਾਈ ਦਿੱਤੀ ਗਈ ਉੱਥੇ ਉਹਨਾਂ ਵੱਲੋਂ ਪੰਜਾਬ ਗਤਕਾ ਐਸੋਸੀਏਸ਼ਨ ਨੂੰ ਦੋ ਲੱਖ ਰੁਪਏ ਦੀ ਮਾਲੀ ਸਹਾਇਤਾ ਵੀ ਕੀਤੀ ਗਈ। ਇਸ ਮੌਕੇ ਬਾਬਾ ਲਖਬੀਰ ਸਿੰਘ ਜੀ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਰਤਵਾੜਾ ਸਾਹਿਬ ਦੀ ਧਰਤੀ ਤੇ ਇਹ ਤੀਸਰੀ ਚੈਂਪੀਅਨਸ਼ਿਪ ਹੈ । ਇਸ ਤੋਂ ਪਹਿਲਾਂ ਦੋ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਇਥੇ ਕਰਵਾਈਆਂ ਗਈਆਂ ਸਨ ਅਤੇ ਇਸ ਵਾਰ ਨੈਸ਼ਨਲ ਪੱਧਰ ਦੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਾਰੇ ਖਿਡਾਰੀਆਂ ਦੀ ਰਹਾਇਸ਼ ਅਤੇ ਖਾਣ ਪੀਣ ਦਾ ਪ੍ਰਬੰਧ ਰਤਵਾੜਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਕੀਤਾ ਗਿਆ। ਇਸ ਮੌਕੇ ਉਦਘਾਟਨੀ ਸਮਾਰੋਹ ਦੇ ਦੌਰਾਨ ਜਿੱਥੇ ਖਿਡਾਰੀਆਂ ਵੱਲੋਂ ਮਾਰਚ ਪਾਸ ਕੀਤਾ ਗਿਆ ਉੱਥੇ ਰਿਵਾਇਤੀ ਬਾਣੇ ਦੇ ਵਿੱਚ ਗੱਤਕੇ ਦੇ ਜੌਹਰ ਵੀ ਦਿਖਾਏ ਗਏ । ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਨੇ ਕਿਹਾ ਕਿ ਗਤਕਾ ਖੇਡ ਨੂੰ ਉੱਚਾ ਚੁੱਕਣ ਲਈ ਗਤਕਾ ਖੇਡ ਭਵਨ ਦੀ ਜਰੂਰਤ ਹੈ , ਜਿਸ ਨੂੰ ਪੂਰਾ ਕਰਨ ਦੇ ਲਈ ਉਹ ਬਣਦੀ ਸਹਾਇਤਾ ਕਰਨ ਲਈ ਤਿਆਰ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਦਾਰ ਜਸਵੰਤ ਸਿੰਘ ਜੀ ਡਾਇਰੈਕਟਰ ਗੁਰੂ ਗੋਬਿੰਦ ਸਿੰਘ ਵਿਦਿਆ ਮੰਦਰ , ਇੰਦਰਜੀਤ ਸਿੰਘ ਰੰਧਾਵਾ ਜੀ , ਜੀ ਪੀ ਸਿੰਘ ਸਾਬਕਾ ਐਮ ਐਲ ਏ, ਐਨ ਐਸ ਠਾਕੁਰ ਸਕੱਤਰ ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ, ਬਾਬਾ ਹਰਭਜਨ ਸਿੰਘ ਜੀ, ਬਾਬਾ ਸ਼੍ਰੀਮਾਨ ਜੀ, ਬਾਬਾ ਸੁਖਵਿੰਦਰ ਸਿੰਘ ਜੀ, ਦਵਿੰਦਰ ਸਿੰਘ ਜੁਗਨੀ ਵਾਈਸ ਪ੍ਰੈਸੀਡੈਂਟ ਪੰਜਾਬ ਗਤਕਾ ਐਸੋਸੀਏਸ਼ਨ, ਰਘੁਬੀਰ ਸਿੰਘ ਡੇਹਲੋਂ, ਜਗਕਿਰਨ ਕੌਰ ਵੜੈਚ, ਰਜਿੰਦਰ ਸਿੰਘ ਤੂਰ, ਰਾਜਵੀਰ ਸਿੰਘ ਚੰਡੀਗੜ੍ਹ, ਜਸਵਿੰਦਰ ਸਿੰਘ ਪਾਬਲਾ , ਹਰਮਨਜੋਤ ਸਿੰਘ ਖਰੜ , ਅਕਵਿੰਦਰ ਸਿੰਘ ਗੋਸਲ , ਜਗਤਾਰ ਸਿੰਘ ਜੱਗੀ, ਅਮਰਜੀਤ ਸਿੰਘ ਹਾਜ਼ਰ ਸਨ ।


