ਸਬਜੀ ਕਾਸ਼ਤਕਾਰ ਝੋਨੇ ਦੀ ਕਟਾਈ ਉਪਰੰਤ ਪਰਾਲੀ ਦੀਆਂ ਗੱਠਾਂ  ਬਣਾਉਣ ਨੂੰ ਤਰਜੀਹ ਦੇਣ : ਮੁੱਖ ਖੇਤੀਬਾੜੀ ਅਫਸਰ

ਗੁਰਦਾਸਪੁਰ

ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਲਈ ਸਹਿਯੋਗ ਦੀ ਅਪੀਲ

 ਗੁਰਦਾਸਪੁਰ,  16 ਸਤੰਬਰ (ਸਰਬਜੀਤ ਸਿੰਘ)– ਜਿਲ੍ਹਾ ਗੁਰਦਾਸਪੁਰ ਵਿੱਚ ਸਾਲ 2025 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜੀਰੋ ਪੱਧਰ ਤੇ ਲਿਆਉਣ ਦੇ ਮਿੱਥੇ ਟੀਚੇ ਨੂੰ ਪੂਰਾ ਕਰਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਚ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਬਜੀ ਕਾਸ਼ਤਕਾਰਾਂ ਨੂੰ ਝੋਨੇ ਦੀ  ਪਰਾਲੀ ਦੀ ਖੇਤ ਤੋਂ ਬਾਹਰ ਸੰਭਾਲ ਲਈ ਪ੍ਰੇਰਿਤ ਕਰਨ ਕੀਤੀ ਜਾਣ ਵਾਲੀ ਵਿਉਂਤਬੰਦੀ ਤੇ ਵਿਚਾਰ ਚਰਚਾ ਕਰਨ ਲਈ ਮੀਟਿੰਗ ਸਥਾਨਕ ਮੁੱਖ ਖ਼ੇਤੀਬਾੜੀ ਦਫਤਰ ਵਿਚ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਡਾ .ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕੀਤੀ।ਇਸ ਮੌਕੇ ਡਾਕਟਰ ਸੁਖਬੀਰ  ਸਿੰਘ,ਡਾਕਟਰ ਮਨਪ੍ਰੀਤ ਸਿੰਘ ,ਡਾਕਟਰ ਨਵਦੀਪ ਸਿੰਘ ਬਾਗਬਾਨੀ ਵਿਕਾਸ ਅਫ਼ਸਰ,ਡਾਕਟਰ ਸ਼ਾਹਬਾਜ ਸਿੰਘ ਚੀਮਾ ਸਿੰਘ ਖੇਤੀਬਾੜੀ  ਅਫਸਰ ਸਮੇਤ ਸਮੂਹ ਅਧਿਕਾਰੀ  ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ  ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਵਿਚ ਬਲਾਕ ਬਟਾਲਾ,ਡੇਰਾ ਬਾਬਾ ਨਾਨਕ,ਕਲਾਨੌਰ  ਅਤੇ ਗੁਰਦਾਸਪੁਰ ਦੇ  ਕਰੀਬ 25 ਪਿੰਡਾਂ ਵਿਚ ਅਗੇਤੀ ਸਬਜੀ ਜਿਵੇਂ ਫੁੱਲ ਗੋਭੀ,ਆਲੂ ਅਤੇ ਮਟਰ ਦੀ ਕਾਸ਼ਤ ਕਰਦੇ ਹਨ। ਉਨ੍ਹਾਂ ਦਸਿਆ ਕਿ ਸਬਜੀ ਕਾਸ਼ਤਕਾਰ ਵਲੋਂ ਆਮ ਕਰਕੇ ਘੱਟ ਸਮੇਂ ਵਿੱਚ ਪੱਕਣ ਵਾਲਿਆਂ ਝੋਨੇ ਦੀਆਂ ਕਿਸਮਾਂ ਜਿਵੇਂ 1509,1692 ਜਾਂ ਪੀ ਆਰ 126  ਦੀ ਕਾਸ਼ਤ ਕੀਤੀ ਜਾਂਦੀ ਹੈ। ਉਨ੍ਹਾਂ ਦਸਿਆ ਕਿ ਸਬਜੀ ਕਾਸ਼ਤਕਾਰਾਂ ਵਲੋਂ ਅਕਸਰ ਖੇਤ ਨੂੰ ਜਲਦੀ ਤਿਆਰ ਕਰਨ ਦੇ ਇਰਾਦੇ ਨਾਲ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੁੰ ਅੱਗ ਦਿੱਤੀ ਜਾਂਦੀ ਹੈ ਜਿਸ ਹਵਾ ਦਾ ਪ੍ਰਦੂਸ਼ਣ ਵਧਣ ਦੇ ਨਾਲ ਨਾਲ ਮਿੱਟੀ ਦੀ ਸਿਹਤ ਪ੍ਰਭਾਵਤ ਹੁੰਦੀ ਹੈ। ਉਨ੍ਹਾਂ ਦਸਿਆ ਕਿ ਸਬਜੀਆਂ ਦੀ ਸਫਲ ਕਾਸ਼ਤ ਲਈ ਜਰਖੇਜ ਮਿੱਟੀ ਦੀ ਜ਼ਰੂਰਤ ਹੁੰਦੀ ਹੈ ਅਤੇ ਖੇਤਾਂ ਦੀ ਮਿੱਟੀ ਜਰਖੇਜ ਤਾਂ ਹੀ ਹੋ ਸਕਦੀ ਹੈ,ਜੇਕਰ ਫ਼ਸਲੀ ਰਹਿੰਦ ਖੁੰਹਦ ਨੂੰ ਖੇਤਾਂ ਵਿਚ ਸੰਭਾਲ ਕੇ  ਸਬਜੀ ਖਾਸ ਕਰਕੇ ਗੋਭੀ ,ਮਟਰ ਅਤੇ ਆਲੂ ਦੀ  ਕਾਸ਼ਤ ਕੀਤੀ ਜਾਵੇ । ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਨਾਲ ਜਿੱਥੇ ਰਸਾਇਣਕ ਖਾਦਾਂ ਤੇ ਨਿਰਭਰਤਾ ਘਟਦੀ ਹੈ ਉੱਥੇ ਸਬਜੀਆਂ ਦੇ ਮਿਆਰੀਪਣ ਵਿਚ ਵੀ ਸੁਧਾਰ ਹੁੰਦਾ ਹੈ। ਉਨ੍ਹਾਂ ਦਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸਾਲ 2025-26 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਜ਼ੀਰੋ ਪੱਧਰ ਤੇ ਲਿਆਉਣ ਲਈ ਵੱਡੀ ਪੱਧਰ ਤੇ ਵਿਉਂਤ ਬੰਦੀ ਕੀਤੀ ਗਈ ਹੈ ,ਜਿਸ ਤਹਿਤ ਸਬਜੀ ਕਾਸ਼ਤਕਾਰਾਂ ਨੂੰ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੁੰ ਅੱਗ ਲਗਾ ਕੇ ਨਾਂ ਸਾੜਨ ਲਈ ਪ੍ਰੇਰਿਤ ਕਰਨਾ ਅਤੇ ਬੇਲਰਾਂ ਦਾ ਪ੍ਰਬੰਧ ਕਰਨਾ ਹੈ। ਉਨ੍ਹਾਂ ਦਸਿਆ ਕਿ ਸਾਲ 2024-25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ 199  ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਨਾਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਦੇ ਟੀਚੇ ਦੀ ਪ੍ਰਾਪਤੀ ਲਈ ਸਭਨਾਂ ਧਿਰਾਂ ਦੇ ਸਹਿਯੋਗ ਦੀ ਜ਼ਰੂਰਤ ਹੈ ਇਸ ਲਈ ਸਬਜੀ ਕਾਸ਼ਤਕਾਰਾਂ ਨੂੰ ਇਸ ਮੁਹਿੰਮ ਵਿਚ ਜ਼ਿਲਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨਾ ਚਾਹੀਦਾ। ਉਨਾਂ ਦੱਸਿਆ ਕਿ ਇਸ ਹਫਤੇ ਸਬਜੀ ਕਾਸ਼ਤ ਕਾਰਾਂ ਨਾਲ ਨਿੱਜੀ ਸੰਪਰਕ ਜਾਂ ਪਿੰਡਾਂ ਵਿਚ ਕੈਂਪ ਲਗਾ ਕੇ ਪ੍ਰੇਰਿਤ ਕੀਤਾ ਜਾਵੇਗਾ।  ਉਨਾਂ ਕਿਹਾ ਜਿਸ ਵੀ ਕਿਸਾਨ ਨੂੰ ਬੇਲਰ ਜਾਂ ਕਿਸੇ ਹੋਰ ਖੇਤੀ ਮਸੀਨਰੀ ਦੀ ਜ਼ਰੂਰਤ ਹੋਵੇ ਤਾਂ ਸਬੰਧਤ ਬਲਾਕ ਖੇਤੀ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ। ਬਾਗਬਾਨੀ ਵਿਕਾਸ ਅਫਸਰ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਵਿੱਚ 25 ਅਜਿਹੇ ਪਿੰਡ ਜਿਵੇਂ ਨਿੱਜਰ,ਹਿਆਤ ਨਗਰ , ਕਾਲ਼ਾ ਨੰਗਲ, ਹਰੂਵਾਲ, ਰਾਮਾ ਤਲਵੰਡੀ, ਕੁਟਬੀ ਨੰਗਲ,ਅਰਲੀਭਨ, ਹੇਮਰਾਜਪੁਰ,ਨਬੀਪੁਰ ਆਦਿ  ਅਜਿਹੇ ਪਿੰਡ ਹਨ ਜਿੱਥੇ ਤਕਰੀਬਨ  ਕਿਸਾਨਾਂ ਵੱਲੋਂ  ਏਕੜ ਰਕਬੇ ਵਿੱਚ ਸਬਜੀ ਦੀ ਕਾਸ਼ਤ ਕੀਤੀ ਜਾਂਦੀ ਹੈ।  ਉਨਾਂ ਦੱਸਿਆ ਕਿ ਜੋਂ ਵੀ ਸਬਜੀ ਕਾਸ਼ਤਕਾਰ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਬਜੀ ਦੀ ਕਾਸ਼ਤ ਕਰੇਗਾ, ਉਸ ਨੂੰ ਸਬਸਿਡੀ ਦੀ ਸਹੂਲਤ ਨਹੀਂ ਦਿੱਤੀ ਜਾਵੇਗੀ ਅਤੇ ਪਰਾਲੀ ਨੁੰ ਅੱਗ ਲਗਾਏ ਬਗੈਰ ਸਬਜੀਆਂ ਦੀ ਕਾਸ਼ਤ ਕਰੇਗਾ ,ਉਸ ਨੂੰ ਤਰਜੀਹੀ ਕਿਸਾਨ ਦੇ ਰੁਤਬੇ ਨਾਲ ਸਨਮਾਨਿਤ ਕੀਤਾ ਜਾਵੇਗਾ ਉਨ੍ਹਾਂ ਦਸਿਆ ਕਿ ਅਜਿਹੇ ਕਿਸਾਨਾਂ ਨੁੰ ਸਰਕਾਰੀ ਦਫਤਰਾਂ ਵਿਚ ਕੰਮ ਕਾਰ ਵਿਚ ਤਰਜੀਹ ਅਤੇ ਬਣਦਾ ਸਨਮਾਨ ਦਿੱਤਾ ਜਾਵੇਗਾ।

Leave a Reply

Your email address will not be published. Required fields are marked *