ਗੁਰਦਾਸਪੁਰ ਵਿਖੇ ਲੱਗੇ ‘ਉਮੀਦ ਬਜ਼ਾਰ’ ਨੇ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਸਵਾਣੀਆਂ ਨੂੰ ਆਰਥਿਕ ਅਜ਼ਾਦੀ ਦਾ ਨਵਾਂ ਰਾਹ ਦਿਖਾਇਆ

ਗੁਰਦਾਸਪੁਰ


ਤਿੰਨ ਰੋਜ਼ਾ ਉਮੀਦ ਬਜ਼ਾਰ ਵਿੱਚ 11 ਲੱਖ ਰੁਪਏ ਤੋਂ ਵੱਧ ਦੀ ਹੋਈ ਸੇਲ

ਸਵੈ ਸਹਾਇਤਾ ਸਮੂਹਾਂ ਨੂੰ ਉਨ੍ਹਾਂ ਦੇ ਉਤਪਾਦਾਂ ਲਈ ਬਜ਼ਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਵੀ ਉਪਰਾਲੇ ਜਾਰੀ ਰਹਿਣਗੇ – ਏ.ਡੀ.ਸੀ

ਗੁਰਦਾਸਪੁਰ, 22 ਅਗਸਤ (ਸਰਬਜੀਤ ਸਿੰਘ)– ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ‘ਅਕਾਂਕਸ਼ਾ ਹੱਟ’ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਦਾਸਪੁਰ ਦੇ ਪੁਰਾਣੇ ਬੱਸ ਅੱਡੇ ਵਿੱਚ ਲਗਾਇਆ ਗਿਆ ਤਿੰਨ ਰੋਜ਼ਾ ‘ਉਮੀਦ ਬਜ਼ਾਰ’ ਅੱਜ ਸ਼ਾਮ ਨੂੰ ਸਮਾਪਤ ਹੋ ਗਿਆ। ਉਮੀਦ ਬਜ਼ਾਰ ਨੇ ਜ਼ਿਲ੍ਹੇ ਵਿੱਚ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਘਰੇਲੂ ਔਰਤਾਂ ਨੂੰ ਆਰਥਿਕ ਅਜ਼ਾਦੀ ਦਾ ਨਵਾਂ ਰਾਹ ਦਿਖਾਇਆ ਹੈ। ਤਿੰਨ ਰੋਜ਼ਾ ਇਸ ‘ਉਮੀਦ ਬਜ਼ਾਰ’ ਵਿੱਚ 11 ਲੱਖ ਰੁਪਏ ਤੋਂ ਵੱਧ ਦੀ ਖ਼ਰੀਦਦਾਰੀ ਹੋਈ ਹੈ ਜਿਸ ਤੋਂ ਸਵੈ ਸਹਾਇਤਾ ਸਮੂਹ ਦੀਆਂ ਮੈਂਬਰ ਔਰਤਾਂ ਬਹੁਤ ਖ਼ੁਸ਼ ਹਨ।

ਉਮੀਦ ਬਜ਼ਾਰ ਦੇ ਸਮਾਪਤੀ ਸਮਾਗਮ ਮੌਕੇ ਬੋਲਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ‘ਉਮੀਦ ਬਜ਼ਾਰ’ ਵਿੱਚ ਜ਼ਿਲ੍ਹੇ ਦੇ 50 ਸਵੈ ਸਹਾਇਤਾ ਸਮੂਹਾਂ ਨੇ ਆਪਣੇ ਸਟਾਲ ਲਗਾਏ ਸਨ ਅਤੇ ਵੱਡੀ ਗਿਣਤੀ ਵਿੱਚ ਗ੍ਰਾਹਕਾਂ ਨੇ ਇਨ੍ਹਾਂ ਸਟਾਲਾਂ ਤੋਂ ਸਮਾਨ ਦੀ ਖ਼ਰੀਦਦਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਟਾਲਾਂ ਵਿੱਚ ਸੂਟ ਤੇ ਫੁਲਕਾਰੀਆਂ, ਪੰਜਾਬੀ ਜੁੱਤੀ, ਔਰਤਾਂ ਦੇ ਹਾਰ-ਸ਼ਿੰਗਾਰ ਦਾ ਸਮਾਨ, ਬੱਚਿਆਂ ਦੇ ਖਿਡੌਣੇ, ਅਚਾਰ, ਮੁਰੱਬੇ, ਹਲਦੀ, ਖਾਣ-ਪੀਣ ਦੇ ਸਮਾਨ ਤੋਂ ਇਲਾਵਾ, ਡੈਕੋਰੇਸ਼ਨ ਦਾ ਸਮਾਨ ਅਤੇ ਹੋਰ ਰੋਜ਼ਾਨਾਂ ਜ਼ਰੂਰਤ ਦਾ ਸਮਾਨ ਵੇਚਿਆ ਗਿਆ ਜੋ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ ਨੇ ਆਪਣੇ ਘਰਾਂ ਵਿੱਚ ਆਪਣੇ ਹੱਥੀਂ ਤਿਆਰ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਤਿੰਨ ਰੋਜ਼ਾ ਇਸ ਉਮੀਦ ਬਜ਼ਾਰ ਵਿੱਚ 11 ਲੱਖ ਰੁਪਏ ਤੋਂ ਵੱਧ ਦੀ ਸੇਲ ਹੋਈ ਹੈ। ਉਨ੍ਹਾਂ ਦੱਸਿਆ ਕਿ ਬਜ਼ਾਰ ਦੇ ਪਹਿਲੇ ਦਿਨ 2.50 ਲੱਖ ਰੁਪਏ ਦੀ ਸੇਲ ਹੋਈ ਸੀ ਜਦਕਿ ਦੂਸਰੇ ਦਿਨ 3.10 ਲੱਖ ਰੁਪਏ ਦਾ ਸਮਾਨ ਗ੍ਰਾਹਕਾਂ ਵੱਲੋਂ ਖ਼ਰੀਦਿਆ ਗਿਆ। ਉਨ੍ਹਾਂ ਦੱਸਿਆ ਕਿ ਬਜ਼ਾਰ ਦੇ ਤੀਸਰੇ ਤੇ ਆਖ਼ਰੀ ਦਿਨ ਅੱਜ ਰਿਕਾਰਡ ਸੇਲ ਹੋਈ ਹੈ ਅਤੇ ਸ਼ਾਮ 4 ਵਜੇ ਤੱਕ 5.30 ਲੱਖ ਰੁਪਏ ਤੋਂ ਵੱਧ ਦੀ ਸੇਲ ਹੋ ਚੁੱਕੀ ਸੀ।

ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਅੱਗੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਨੂੰ ਉਨ੍ਹਾਂ ਦੇ ਹੱਥੀਂ ਬਣਾਏ ਸਮਾਨ ਨੂੰ ਵੇਚਣ ਲਈ ਪਲੇਟਫ਼ਾਰਮ ਮੁਹੱਈਆ ਕਰਵਾਇਆ ਜਾਵੇ ਅਤੇ ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਅਕਾਂਕਸ਼ਾ ਪ੍ਰੋਗਰਾਮ ਤਹਿਤ ਗੁਰਦਾਸਪੁਰ ਵਿਖੇ ਲਗਾਇਆ ਗਿਆ ਉਮੀਦ ਬਜ਼ਾਰ ਇਨ੍ਹਾਂ ਕੋਸ਼ਿਸ਼ਾਂ ਦਾ ਹੀ ਨਤੀਜਾ ਸੀ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਬਜ਼ਾਰ ਲਗਾ ਕੇ ਸਵੈ-ਸਹਾਇਤਾ ਸਮੂਹਾਂ ਦੇ ਉਤਪਾਦਾਂ ਨੂੰ ਪ੍ਰਮੋਟ ਕੀਤਾ ਜਾਵੇਗਾ।  

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਮੀਦ ਬਜ਼ਾਰ ਵਿੱਚ ਆਉਣ ਵਾਲੇ ਗ੍ਰਾਹਕਾਂ ਲਈ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ। ਇਸ ਤੋਂ ਇਲਾਵਾ ਬਜ਼ਾਰ ਦੀ ਰੌਣਕ ਵਿੱਚ ਵਾਧਾ ਕਰਨ ਲਈ ਸੱਭਿਆਚਾਰਕ ਪ੍ਰੋਗਰਾਮ ਦੀ ਵੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਜ਼ਾਰ ਵਿੱਚ ਹਿੱਸਾ ਲੈਣ ਵਾਲੇ ਸਵੈ-ਸਹਾਇਤਾ ਸਮੂਹਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ। ਉਮੀਦ ਬਜ਼ਾਰ ਦੇ ਆਖ਼ਰੀ ਦਿਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਜੀਵ ਸ਼ਰਮਾ, ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਭਾਰਤ ਭੂਸ਼ਨ ਸ਼ਰਮਾ ਵੀ ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਵੀ ਬਜ਼ਾਰ ਵਿਚੋਂ ਖ਼ਰੀਦਦਾਰੀ ਕੀਤੀ।

Leave a Reply

Your email address will not be published. Required fields are marked *