ਪਿਛਲੇ 12 ਸਾਲਾਂ ਤੋ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਪਿੰਡ ਭਾਗੋਕਾਵਾਂ ਦੇ ਦੋ ਕਿਸਾਨ ਭਰਾ ਸਰਬਜੀਤ ਸਿੰਘ ਅਤੇ ਰਣਜੀਤ ਸਿੰਘ

ਗੁਰਦਾਸਪੁਰ


ਡਿਪਟੀ ਕਮਿਸ਼ਨਰ ਨੇ ਵਾਤਾਵਰਨ ਦੀ ਸੰਭਾਲ ਵਿਚ ਪਾਏ ਜਾ ਰਹੇ ਯੋਗਦਾਨ ਲਈ ਦੋਹਾਂ ਭਰਾਵਾਂ ਦੀ ਕੀਤੀ ਪ੍ਰਸ਼ੰਸਾ

ਗੁਰਦਾਸਪੁਰ, 17 ਜੁਲਾਈ (ਸਰਬਜੀਤ ਸਿੰਘ- ਹਵਾ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਹਰੇਕ ਵਰਗ ਚਾਹੇ ਉਦਯੋਗਪਤੀ ਹੋਵੇ ਜਾਂ ਆਮ ਨਾਗਰਿਕ ਹਰੇਕ ਵਿਅਕਤੀ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਦਾ ਅਜਿਹਾ ਵਰਗ ਜੋ ਵਾਤਾਵਰਣ, ਮਿੱਟੀ ਅਤੇ ਪਾਣੀ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ ਅਤੇ ਬਹੁਤ ਸਾਰੇ ਕਿਸਾਨ ਇਹ ਭੂਮਿਕਾ ਨਿਭਾਅ ਵੀ ਰਹੇ ਹਨ। ਅਜਿਹੇ ਹੀ ਕਿਸਾਨਾਂ ਵਿਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਗੋਕਾਵਾਂ ਦੇ ਦੋ ਕਿਸਾਨ ਭਰਾ ਸਰਬਜੀਤ ਸਿੰਘ ਅਤੇ ਰਣਜੀਤ ਸਿੰਘ ਪੁੱਤਰ ਹਰਭਜਨ ਸਿੰਘ ਹਨ ਜੋ ਪਿਛਲੇ 12 ਸਾਲ ਤੋਂ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਗੈਰ ਕਿਰਾਏ ਤੇ ਖੇਤੀ ਮਸ਼ੀਨਰੀ ਸੁਪਰ ਸੀਡਰ ਲੈ ਕੇ ਕਣਕ ਦੀ ਬਿਜਾਈ ਕਰਦੇ ਹਨ। ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰਕੇ ਦੂਸਰੇ ਕਿਸਾਨਾਂ ਲਈ ਚਾਨਣ ਮੁਨਾਰੇ ਵਜੋਂ ਕੰਮ ਕਰ ਰਹੇ ਹਨ। ਦੋਵੇਂ ਭਰਾ ਸਾਂਝੇ ਤੌਰ ਤੇ ਖੇਤੀ ਕਰਦੇ ਹਨ। ਦੋਹਾਂ ਭਰਾਵਾਂ ਦਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤੀ ਮਾਹਿਰਾਂ ਨਾਲ ਲਗਾਤਾਰ ਸੰਪਰਕ ਬਣਿਆ ਹੋਇਆ ਹੈ। ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਲਗਾਏ ਜਾਂਦੇ ਕੈਂਪਾਂ ਵਿੱਚ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਖੇਤੀ ਨਾਲ ਸਬੰਧਿਤ ਲਿਟਰੇਚਰ ਵੀ ਪੜ੍ਹਦੇ ਹਨ।

ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਨੇ ਹਮੇਸ਼ਾਂ ਇਹੋ ਸਿੱਖਿਆ ਦਿੱਤੀ ਕਿ ਕਿਸੇ ਵੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣੀ ਸਗੋਂ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਹੀ ਸੰਭਾਲਣਾ ਹੈ ਤਾਂ ਜੋ ਮਿੱਟੀ ਦੇ ਸਿਹਤ ਬਰਕਰਾਰ ਰਹੇ, ਕਿਉਂਕਿ ਜੇਕਰ ਮਿੱਟੀ ਦੀ ਸਿਹਤ ਚੰਗੀ ਹੋਵੇਗੀ ਤਾਂ ਵਧੇਰੇ ਪੈਦਾਵਾਰ ਦੇ ਨਾਲ ਨਾਲ ਮਿਆਰੀ ਪੈਦਾਵਾਰ ਵੀ ਮਿਲੇਗੀ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਕਣਕ ਦਾ ਨਾੜ ਖੇਤਾਂ ਵਿਚ ਸੰਭਾਲਣ ਨਾਲ ਖਾਦਾਂ ਦੀ ਖਪਤ ਘਟ ਰਹੀ ਹੈ ਅਤੇ ਕੀੜੇ ਮਕੌੜੇ ਘੱਟ ਲੱਗਣ ਕਾਰਨ ਖੇਤੀ ਲਾਗਤ ਖ਼ਰਚੇ ਵੀ ਘੱਟ ਹੋ ਰਹੇ ਹਨ ਅਤੇ ਮੁਨਾਫ਼ਾ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਅਤੇ ਕਣਕ ਨੂੰ 90 ਕਿੱਲੋ ਪ੍ਰਤੀ ਏਕੜ ਤੋਂ ਵੱਧ ਕਦੇ ਖਾਦ ਨਹੀਂ ਵਰਤੀ। ਉਨ੍ਹਾਂ ਦੱਸਿਆ ਕਿ ਸਿਰਫ਼ ਕਣਕ ਦੀ ਫ਼ਸਲ ਨੂੰ ਡੀ.ਏ.ਪੀ. ਖਾਦ ਪਾਈ ਦੀ ਹੈ ਅਤੇ ਝੋਨੇ ਦੀ ਫ਼ਸਲ ਨੂੰ ਡੀ.ਏ.ਪੀ. ਖਾਦ ਨਹੀਂ ਪਾਉਂਦੇ ਹਨ।

ਰਣਜੀਤ ਸਿੰਘ ਨੇ ਦੱਸਿਆ ਕਿ ਸੁਪਰ ਸੀਡਰ ਮਹਿੰਗਾ ਹੋਣ ਕਾਰਨ ਕਿਰਾਏ ਤੇ ਕਣਕ ਦੀ ਬਿਜਾਈ ਕਰ ਲਈ ਦੀ ਹੈ ਜਿਸ ਨਾਲ ਮਸ਼ੀਨਰੀ ਦੀ ਰੱਖ ਰਖਾਅ ਤੇ ਆਉਣ ਵਾਲਾ ਖਰਚਾ ਵੀ ਬਚ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 12 ਸਾਲ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ ਅਤੇ ਨਾਂ ਹੀ ਕਿਸੇ ਨੂੰ ਅੱਗ ਲਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਲਾਈਨਾਂ ਵਿਚ ਪਈ ਪਰਾਲੀ ਨੂੰ ਰੀਪਰ ਨਾਲ ਜਾਂ ਆਪੇ ਬਣਾਏ ਜੁਗਾੜ ਨਾਲ ਖਲਾਰ ਲਈ ਜਾਂਦੀ ਹੈ, ਜਿਸ ਉਪਰੰਤ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰ ਦਿੱਤੀ ਜਾਂਦੀ ਹੈ ਅਤੇ ਕਦੇ ਵੀ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ।

ਸਰਬਜੀਤ ਸਿੰਘ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿਚ ਰੱਖ ਕੇ ਕਣਕ ਦੀ ਬਿਜਾਈ ਕਰਨ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ । ਦੋਹਾਂ ਭਰਾਵਾਂ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਗ਼ਲਤੀ ਨਾ ਕਰਨ ਅਤੇ ਇਸ ਨੂੰ ਖੇਤ ਵਿੱਚ ਹੀ ਗਾਲਣ ਤਾਂ ਜੋ ਖੇਤੀ ਦੇ ਖ਼ਰਚੇ ਵੀ ਘੱਟ ਸਕਣ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਕੁਦਰਤੀ ਸਾਧਨਾਂ ਨੂੰ ਬਚਾਉਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋ ਬਚਾਉਣ ਲਈ ਕੰਮ ਕਰ ਰਹੇ ਹਨ।

ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੋਹਾਂ ਕਿਸਾਨ ਭਰਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਕਿਸਾਨ ਹੋਰਨਾਂ ਕਿਸਾਨਾਂ ਲਈ ਰਾਹ ਦਸੇਰੇ ਵਜੋਂ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਿਸਾਨਾਂ ਨੂੰ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਸਰਬਜੀਤ ਸਿੰਘ ਅਤੇ ਰਣਜੀਤ ਸਿੰਘ ਦੀ ਤਰਾਂ ਆਪਣੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਤਾਂ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ।

Leave a Reply

Your email address will not be published. Required fields are marked *