ਵਿਸ਼ਵ ਦਾ ਵਾਤਾਵਰਣ ਬਚਾਉਣ ਲਈ ਗੁਰੂ ਸਾਹਿਬ ਦੀ ਬਾਣੀ ਨੂੰ ਜੀਵਨ ਵਿੱਚ ਢਾਲਣਾ ਹੋਵੇਗਾ – ਮਾਹਿਰ
ਗੁਰਦਾਸਪੁਰ, 05 ਜੂਨ (ਸਰਬਜੀਤ ਸਿੰਘ ) – ਅੱਜ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਤੇ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਮਾਹਿਰਾਂ ਨੇ ਧਰਤੀ ਨੂੰ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਬਚਾਉਣ ਲਈ ਆਪਣੀ ਆਪਣੀ ਵਿਚਾਰ ਰੱਖੇ। ਸੈਮੀਨਾਰ ਦੀ ਪ੍ਰਧਾਨਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਿਜ਼ਨਲ ਡਾਇਰੈਕਟਰ ਡਾ. ਐਚ.ਐਸ. ਰੰਧਾਵਾ ਨੇ ਕੀਤੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਐਗਰੋਮੈਟਰੋਲੋਜਿਸਟ ਡਾ. ਹਰਕੰਵਲਜੋਤ ਸਿੰਘ ਸੇਖੋਂ ਨੇ ਕੂੰਜੀਵਤ ਭਾਸ਼ਣ ਦਿੱਤਾ।
ਇਸ ਮੌਕੇ ਤੇ ਆਪਣੇ ਆਰੰਭਿਕ ਭਾਸ਼ਣ ਵਿੱਚ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ”ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।” ਗੁਰੂਵਾਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਵਨ, ਪਾਣੀ ਅਤੇ ਧਰਤੀ ਨੂੰ ਸਾਫ਼ ਰੱਖਣ ਦੇ ਸੰਦੇਸ਼ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ ਕਈ ਵਰ੍ਹੇ ਪਹਿਲਾਂ ਭਵਖੰਡਣਾ ਦੀ ਆਰਤੀ ਕਰਦਿਆਂ ਕੁਦਰਤ ਦੇ ਸਰੂਪ ਨੂੰ ਆਧਾਰ ਬਣਾ ਕੇ ਧਰਤ ਨੂੰ ਬਚਾਉਣ ਦਾ ਹੋਕਾ ਦਿੱਤਾ ਸੀ।
ਇਸ ਮੌਕੇ ਡਾ. ਸੇਖੋਂ ਨੇ ਪਲਾਸਟਿਕ ਦੀ ਵਰਤੋਂ ਤੋਂ ਸੰਕੋਚ ਕਰਨ ਦਾ ਹਵਾਲਾ ਦਿੰਦਿਆ ਇਸ ਦੇ ਵੱਖ ਵੱਖ ਪਹਿਲੂਆਂ ਦੀ ਜਾਣਕਾਰੀ ਦਿੱਤੀ। ਡਾ. ਐਚ.ਐਸ. ਰੰਧਾਵਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੀ ਧਰਤੀ ਦੀ ਇਸ ਦੇ ਡਿੱਗਦੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਚਿੰਤਾ ਕੀਤੀ ਜਾਵੇ ਅਤੇ ਫਸਲੀਂ ਚੱਕਰ ਨੂੰ ਬਦਲਿਆਂ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪੰਜਾਬ ਦੀ ਧਰਤੀ ਨੂੰ ਬੰਜਰ ਹੋਣ ਤੋਂ ਕੋਈ ਨਹੀਂ ਰੋਕ ਸਕਦਾ।
ਇਸ ਮੌਕੇ ਕਾਲਜ ਦੇ ਸਮੂਹ ਅਧਿਆਪਕਾਂ ਨੇ “ਏਕ ਪੇੜ ਮਾਂ ਕੇ ਨਾਮ” ਤਹਿਤ ਸਲੋਗਨ ਨੂੰ ਮੁੱਖ ਰੱਖਦਿਆਂ ਵੱਖ-ਵੱਖ ਤਰ੍ਹਾਂ ਦੇ ਬੂਟੇ ਵੀ ਲਗਾਏ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਡਾ. ਮਨਜਿੰਦਰ ਸਿੰਘ, ਮੁੱਖੀ ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਡਾ. ਹਰਿੰਦਰ ਕੌਰ ਸੋਹਲ, ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਮੰਚ-ਸੰਚਾਲਨ ਸ਼੍ਰੀਮਤੀ ਸੁਗੰਧੀ ਮਹਾਜਨ, ਸਹਾਇਕ ਪ੍ਰੋਫੈਸਰ ਕੈਮਿਸਟਰੀ ਵਲੋਂ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਸ਼੍ਰੀਮਤੀ ਜੀਵਨ ਜੋਤੀ, ਸਹਾਇਕ ਪ੍ਰੋਫੈਸਰ ਬਾਟਨੀ ਨੇ ਕੀਤਾ।


