ਨਿਯਮਤ ਅਭਿਆਸ ਤਣਾਅ ਘਟਾ ਕੇ ਵਧਾ ਸਕਦੈ ਮਾਨਸਿਕ ਤੰਦਰੁਸਤੀ – ਰਮਨ ਬਹਿਲ

ਗੁਰਦਾਸਪੁਰ

ਸੀ.ਐੱਮ. ਦੀ ਯੋਗਸ਼ਾਲਾ – ਕਰੋ ਯੋਗ ਰਹੋ ਨਿਰੋਗ 

ਗੁਰਦਾਸਪੁਰ, 13 ਮਈ (ਸਰਬਜੀਤ ਸਿੰਘ ) – ਯੋਗਾ ਸਾਡੀ ਮਹਾਨ ਪੁਰਾਤਨ ਤਹਿਜ਼ੀਬ ਦਾ ਅੰਗ ਹੈ। ਇਹ ਸਰੀਰਕ ਕਸਰਤ ਨਾ ਹੋ ਕੇ ਸਰੀਰਕ ਅਭਿਆਸ ਹੈ, ਜੋ ਤਨ ਨੂੰ ਤਰੋਤਾਜ਼ਾ ਤੇ ਤੰਦਰੁਸਤ ਰੱਖਦਾ ਹੈ। ਮਨ ਨੂੰ ਸ਼ਾਂਤੀ, ਚੈਨ ਤੇ ਬਲ ਬਖ਼ਸ਼ਦਾ ਹੈ। ਬਹੁਤ ਸਾਰੇ ਭਾਰਤੀਆਂ ਦੇ ਰੋਜ਼ਮਰ੍ਹਾ ਜੀਵਨ ਦੀ ਸ਼ੁਰੂਆਤ ਵੱਖ-ਵੱਖ ਯੋਗਿਕ ਆਸਣਾਂ ਤੇ ਕਿਰਿਆਵਾਂ ਕਰਨ ਨਾਲ ਹੁੰਦੀ ਹੈ। ਇਸ ਲਈ ਹਰ ਵਿਅਕਤੀ ਨੂੰ ਨਿਰੋਗ ਤੇ ਤੰਦਰੁਸਤ ਜੀਵਨ ਲਈ ਯੋਗਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਇਹ ਪ੍ਰਗਟਾਵਾ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ  ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੀ.ਐੱਮ. ਦੀ ਯੋਗਸ਼ਾਲਾ ਰਾਹੀਂ ਸੂਬਾ ਵਾਸੀਆਂ ਨੂੰ ਯੋਗਾ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਉਹ ਯੋਗਾ ਨੂੰ ਅਪਣਾਅ ਕੇ ਤੰਦਰੁਸਤ ਤੇ ਨਿਰੋਗ ਜੀਵਨ ਬਸਰ ਕਰ ਸਕਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੀਐੱਮ ਦੀ ਯੋਗਸ਼ਾਲਾ ਤਹਿਤ ਰੋਜ਼ਾਨਾ 124 ਮੁਫ਼ਤ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਜਿੱਥੇ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਯੋਗਾ ਮਾਹਿਰ ਲੋਕਾਂ ਨੂੰ ਮੁਫ਼ਤ ਯੋਗਾ ਆਸਣ ਕਰਵਾ ਰਹੇ ਹਨ। 

ਰਮਨ ਬਹਿਲ ਨੇ ਕਿਹਾ ਕਿ ਯੋਗ ਸਰੀਰ, ਮਨ ਤੇ ਆਤਮਾ ਵਿਚਕਾਰ ਇਕਸੁਰਤਾ ਦਾ ਪ੍ਰਤੀਕ ਹੈ। ਅਸਲ ’ਚ ਯੋਗ ਨਾਲ ਬਹੁਤ ਸਾਰੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ ਪਰ ਸਾਡੇ ਸਰੀਰ ਦਾ ਸੰਤੁਲਨ ਬਣਾਉਣਾ ਆਪਣੀ ਆਤਮਾ ਤੇ ਜੀਵਨ ਸ਼ਕਤੀ ਦਾ ਸੰਤੁਲਨ ਬਣਾਉਣਾ ਹੀ ਯੋਗਾ ਦਾ ਅਸਲ ਮਨੋਰਥ ਹੈ। ਉਨ੍ਹਾਂ ਕਿਹਾ ਕਿ ਯੋਗਾ ਸਿਰਫ਼ ਇਕ ਕਸਰਤ ਹੀ ਨਹੀਂ ਸਗੋਂ ਜੀਵਨ ਦਾ ਇਕ ਤਰੀਕਾ ਹੈ, ਜਿਸ ਵਿਚ ਸਰੀਰਕ ਆਸਣ, ਸਾਹ ਨਿਯੰਤਰਨ, ਧਿਆਨ ਤੇ ਨੈਤਿਕ ਸਿਧਾਂਤ ਸ਼ਾਮਿਲ ਹੁੰਦੇ ਹਨ। 

ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਯੋਗ ਦੀਆਂ ਜੜ੍ਹਾਂ ਹਜ਼ਾਰਾਂ ਸਾਲ ਪਹਿਲਾਂ ਪ੍ਰਾਚੀਨ ਭਾਰਤ ’ਚ ਲੱਭੀਆਂ ਜਾ ਸਕਦੀਆਂ ਹਨ। ਇਹ ਰਿਸ਼ੀਆਂ-ਪੈਗ਼ੰਬਰਾਂ ਦਾ ਤੋਹਫ਼ਾ ਹੈ, ਜਿਨ੍ਹਾਂ ਨੇ ਮਨੁੱਖੀ ਹੋਂਦ ਦੀਆਂ ਡੂੰਘਾਈਆਂ ਦੀ ਖੋਜ ਕੀਤੀ, ਮੁਕਤੀ ਅਤੇ ਗਿਆਨ ਦੀ ਭਾਲ ਕੀਤੀ। ਸਮੇਂ ਨਾਲ ਯੋਗਾ ਵਿਆਪਕ ਪ੍ਰਣਾਲੀ ਵਿਚ ਵਿਕਸਤ ਹੋਇਆ ਹੈ, ਜੋ ਤੰਦਰੁਸਤੀ ਲਈ ਸੰਪੂਰਨ ਪਹੁੰਚ ਪੇਸ਼ ਕਰਦਾ ਹੈ। ਇਸ ਦੇ ਲਾਭ ਵੀ ਬੇਹੱਦ ਹਨ। ਉਨ੍ਹਾਂ ਕਿਹਾ ਕਿ ਯੋਗ ’ਚ ਵੱਖ-ਵੱਖ ਤਰ੍ਹਾਂ ਦੇ ਆਸਣ ਤੇ ਪ੍ਰਾਣਾਯਾਮ ਹਨ, ਜੋ ਸਰੀਰ ਨੂੰ ਵੱਖ-ਵੱਖ ਤਰ੍ਹਾਂ ਦੇ ਫ਼ਾਇਦੇ ਦਿੰਦੇ ਹਨ। ਇਹ ਸਰੀਰ ਦੀ ਲਚਕਤਾ, ਤਾਕਤ ਅਤੇ ਸੰਤੁਲਨ ਨੂੰ ਵਧਾਉਂਦਾ ਹੈ। ਦਿਮਾਗ਼ ਦੀ ਕੰਮ ਕਰਨ ਦੀ ਸਮਰੱਥਾ ਅਤੇ ਸਾਹ ਜਾਗਰੂਕਤਾ ਦੁਆਰਾ ਯੋਗ ਸਰੀਰ ਨੂੰ ਪੋਸ਼ਣ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਨਿਯਮਤ ਅਭਿਆਸ ਤਣਾਅ ਨੂੰ ਘਟਾ ਸਕਦਾ ਹੈ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀਐੱਮ ਦੀ ਯੋਗਸ਼ਾਲਾ ਵਿੱਚ ਜਾ ਕੇ ਯੋਗਾ ਨਾਲ ਜੁੜਨ ਅਤੇ ਤੰਦਰੁਸਤ ਤੇ ਨਿਰੋਗ ਜੀਵਨ ਨੂੰ ਚੁਣਨ।

Leave a Reply

Your email address will not be published. Required fields are marked *