ਹੁਣ ‘ਆਪ’ ਫਲੈਕਸ ਬੋਰਡਾਂ ਅਤੇ ਪੋਸਟਰਾਂ ਨਾਲ ਨਸ਼ਿਆਂ ਵਿਰੁੱਧ ਲੜਾਈ ਲੜੇਗੀ: ਬਾਜਵਾ

ਪੰਜਾਬ

ਪੱਟੀ: ਪੰਚਾਇਤਾਂ ਨੂੰ ਨਸ਼ਿਆਂ ਵਿਰੁੱਧ ਜੰਗ ਨਾਲ ਸਬੰਧਿਤ ਫਲੈਕਸ ਬੋਰਡ ਅਤੇ ਪੋਸਟਰ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ

ਚੰਡੀਗੜ੍ਹ, ਗੁਰਦਾਸਪੁਰ 24 ਅਪ੍ਰੈਲ (ਸਰਬਜੀਤ ਸਿੰਘ)— ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ‘ਤੇ ਪਿੰਡਾਂ ਦੇ ਵਿਕਾਸ ਲਈ ਰੱਖੇ ਫ਼ੰਡਾਂ ‘ਚੋਂ ਪ੍ਰਚਾਰ ਹਾਸਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪੰਚਾਇਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਸ਼ਿਆਂ ਵਿਰੁੱਧ ਅਖੌਤੀ ਜੰਗ ਨਾਲ ਸਬੰਧਿਤ ਹਰੇਕ ਪਿੰਡ ਵਿੱਚ ਦੋ ਫਲੈਕਸ ਬੋਰਡ, ਚਾਰ ਕੰਧ ਪੇਂਟਿੰਗਾਂ ਅਤੇ 1000 ਪੋਸਟਰ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਬਾਜਵਾ ਨੇ ਕਿਹਾ ਕਿ ਲਗਭਗ 13000 ਪਿੰਡਾਂ ਦੀਆਂ ਪੰਚਾਇਤਾਂ ਨੂੰ ‘ਆਪ’ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਝੂਠੇ ਪ੍ਰਚਾਰ ‘ਤੇ ਲਗਭਗ 12 ਕਰੋੜ ਰੁਪਏ ਖ਼ਰਚ ਕਰਨੇ ਪੈਣਗੇ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਮਾਨ ਸਰਕਾਰ ਇੰਨੇ ਹੇਠਲੇ ਪੱਧਰ ‘ਤੇ ਡਿਗ ਗਈ ਹੈ ਕਿ ਉਹ ਪਿੰਡਾਂ ਦੇ ਵਿਕਾਸ ਲਈ ਰੱਖੇ ਫ਼ੰਡਾਂ ਨੂੰ ਬਰਬਾਦ ਕਰਨ ਤੋਂ ਵੀ ਪਿੱਛੇ ਨਹੀਂ ਹਟਦੀ। ਕੀ ਨਸ਼ਿਆਂ ਵਿਰੁੱਧ ਲੜਾਈ ਫਲੈਕਸ ਬੋਰਡਾਂ ਅਤੇ ਪੋਸਟਰਾਂ ਨਾਲ ਲੜੀ ਜਾਵੇਗੀ? ਆਮ ਆਦਮੀ ਪਾਰਟੀ ਦੀ ਸਰਕਾਰ ਸਪਸ਼ਟ ਤੌਰ ‘ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਨਾਲ ਸਬੰਧਿਤ ਵਿਧਾਇਕ ਅਤੇ ਆਗੂ ਜਿਹੜੇ ਵੀ ਪਿੰਡ ਜਾਂਦੇ ਹਨ, ਉਨ੍ਹਾਂ ਨੂੰ ਪਿੰਡ ਵਾਸੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਗੰਭੀਰ ਸਵਾਲ ਪੁੱਛੇ ਜਾਂਦੇ ਹਨ। ਬਾਜਵਾ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਗ਼ੁੱਸੇ ਦਾ ਸਾਹਮਣਾ ਕਰਨ ਵਾਲੇ ‘ਆਪ’ ਵਿਧਾਇਕਾਂ ਅਤੇ ਮੰਤਰੀਆਂ ਵਿਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸੁਖਵੀਰ ਸਿੰਘ ਮਾਈਸਰਖਾਨਾ, ਦਲਬੀਰ ਸਿੰਘ ਟੌਂਗ, ਨਰੇਸ਼ ਕਟਾਰੀਆ ਅਤੇ ਕਈ ਹੋਰ ਸ਼ਾਮਲ ਹਨ। ਬਾਜਵਾ ਨੇ ਕਿਹਾ ਕਿ ਜ਼ਿਆਦਾਤਰ ਮੌਕਿਆਂ ‘ਤੇ ‘ਆਪ’ ਆਗੂ ਅਤੇ ਵਿਧਾਇਕ ਪਿੰਡ ਵਾਸੀਆਂ ਨੂੰ ਸੰਤੁਸ਼ਟ ਕਰਨ ‘ਚ ਅਸਮਰਥ ਰਹਿੰਦੇ ਹਨ ਅਤੇ ਇਸ ਲਈ ਉਹ ਆਪਣਾ ਹੰਕਾਰ ਦਿਖਾਉਂਦੇ ਹਨ। ਇਹ ਉਦਾਹਰਨਾਂ ਦਰਸਾਉਂਦੀਆਂ ਹਨ ਕਿ ‘ਆਪ’ ਆਗੂਆਂ ਦਾ ਹੁਣ ਪੰਜਾਬ ਵਿੱਚ ਸਵਾਗਤ ਨਹੀਂ ਕੀਤਾ ਜਾਂਦਾ। ਇਸ ਲਈ ਉਹ ਜਾਅਲੀ ਪ੍ਰਚਾਰ ‘ਤੇ ਭਰੋਸਾ ਕਰਦੇ ਹਨ।

Leave a Reply

Your email address will not be published. Required fields are marked *