ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ) – ਉੱਘੇ ਪੰਜਾਬੀ ਨਾਟਕਕਾਰ ਅਤੇ ਰੰਗਕਰਮੀ ਸੁਰੇਸ਼ ਮਹਿਤਾ (ਡਾ.) ਨੇ ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ। ਬੀ. ਏ., ਗਿਆਨੀ, ਐੱਮ. ਏ., ਐੱਮ.ਫਿਲ., ਬੀ. ਐੱਡ. ਅਤੇ ਪੀਐਚ. ਡੀ. ਤਕ ਦੀ ਉਚੇਰੀ ਸਿੱਖਿਆ ਹਾਸਲ ਡਾ. ਸੁਰੇਸ਼ ਮਹਿਤਾ ਇਸ ਸਮੇਂ ਜ਼ਿਲ੍ਹਾ ਭਾਸ਼ਾ ਅਫ਼ਸਰ, ਪਠਾਨਕੋਟ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਭਾਸ਼ਾ ਅਫ਼ਸਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਸੁਰੇਸ਼ ਮਹਿਤਾ (ਡਾ.) ਦੀਆਂ ਹੁਣ ਤਕ ਤਿੰਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਦੋ ਨਾਟਕ, “ਉਡੀਕ” ਤੇ “ਕਥਾ ਇੱਕ ਕਿੰਨਰ ਦੀ” ਅਤੇ ਇੱਕ ਵਾਰਤਕ “ਯਾਦਾਂ ਪਿੰਡ ਦੀਆਂ” ਸ਼ਾਮਿਲ ਹੈ। ਇਨ੍ਹਾਂ ਦੇ ਨਾਟਕ ਰੰਗਮੰਚ ਉੱਪਰ ਬਹੁਤ ਸਫਲ ਹੋਏ ਅਤੇ ਵੱਡੇ ਵੱਡੇ ਰੰਗ ਮੰਚਾਂ ਉੱਤੇ ਖੇਡੇ ਗਏ। ਵਰਤਮਾਨ ਸਮੇਂ ਵਿੱਚ ਇਹ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਸਾਂਝੇ ਤੌਰ ’ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਦੀ ਭੂਮਿਕਾ ਨਿਭਾ ਰਹੇ ਹਨ।
ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਵਜੋਂ ਅਹੁਦਾ ਸੰਭਾਲਣ ਉਪਰੰਤ ਸੁਰੇਸ਼ ਮਹਿਤਾ (ਡਾ.) ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਉਹ ਜ਼ਿਲ੍ਹੇ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਲੇਖਕਾਂ, ਸਾਹਿਤਕ ਸਭਾਵਾਂ ਨਾਲ ਤਾਲਮੇਲ ਕਰਕੇ ਜ਼ਿਲ੍ਹੇ ਵਿੱਚ ਸਾਹਿਤਕ ਸਰਗਰਮੀਆਂ ਨੂੰ ਤੇਜ਼ ਕਰਕੇ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਿਆ ਜਾਵੇਗਾ।
