ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦਾਸਪੁਰ ਦੀਆਂ ਹੋਣਹਾਰ ਧੀਆਂ ਦੀਆਂ ਫ਼ੋਟੋਆਂ ‘ਪਿੰਕ ਵਾਲ ਆਫ਼ ਫੇਮ’ ਉੱਪਰ ਲਗਾਈਆਂ

ਗੁਰਦਾਸਪੁਰ

ਪਿੰਕ ਵਾਲ ਆਫ਼ ਫੇਮ ਨੂੰ ਦੇਖ ਕੇ ਜ਼ਿਲ੍ਹੇ ਦੀਆਂ ਹੋਰ ਧੀਆਂ ਵੀ ਅੱਗੇ ਵਧਣ ਦੀ ਪ੍ਰੇਰਨਾ ਲੈਣਗੀਆਂ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 20 ਜਨਵਰੀ (ਸਰਬਜੀਤ ਸਿੰਘ) – ਬੇਟੀ ਬਚਾਓ, ਬੇਟੀ ਪੜ੍ਹਾਓ, ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨਵੀਂ ਪਹਿਲਕਦਮੀ ਕਰਦਿਆਂ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਜ਼ਿਲ੍ਹੇ ਦੀਆਂ ਧੀਆਂ ਦੀਆਂ ਤਸਵੀਰਾਂ ਪਿੰਕ ‘ਵਾਲ ਆਫ਼ ਫੇਮ’ ਉੱਪਰ ਲਗਾਈਆਂ ਹਨ।  ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਥਾਪਤ ਕੀਤੀ ਗਈ ਇਸ ‘ਪਿੰਕ ਵਾਲ ਆਫ਼ ਫੇਮ’ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਜਿੰਦਰ ਸਿੰਘ ਬੇਦੀ, ਐੱਸ.ਡੀ.ਐੱਮ. ਗੁਰਦਾਸਪੁਰ ਮਨਜੀਤ ਸਿੰਘ ਰਾਜਲਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਸਮੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਗਵਿੰਦਰ ਸਿੰਘ, ਪ੍ਰੋ. ਰਾਜ ਕੁਮਾਰ ਸ਼ਰਮਾ, ਸਰਵਨ ਸਿੰਘ, ਡਾਇਰੈਕਟਰ, ਸੇਂਟ ਵਾਰੀਅਰਜ਼ ਸਕੂਲ ਕਾਦੀਆਂ ਵੀ ਮੌਜੂਦ ਸਨ।

ਪਿੰਕ ਵਾਲ ਆਫ਼ ਫੇਮ ਦਾ ਉਦਘਾਟਨ ਕਰਨ ਮੌਕੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਜ਼ਿਲ੍ਹਾ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਲਿੰਗ ਭੇਦ ਨਾ ਕਰਦੇ ਹੋਏ ਆਪਣੀਆਂ ਧੀਆਂ ਨੂੰ ਅੱਗੇ ਵਧਣ ਦੇ ਵੱਧ ਤੋਂ ਵੱਧ ਮੌਕੇ ਦੇਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਕੀਤੀ ‘ਪਿੰਕ ਵਾਲ ਆਫ਼ ਫੇਮ’ ਵਿੱਚ ਜ਼ਿਲ੍ਹੇ ਦੀਆਂ ਧੀਆਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਉੱਚੇ ਮੁਕਾਮ ਹਾਸਲ ਕੀਤੇ ਹਨ ਉਨ੍ਹਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ‘ਪਿੰਕ ਵਾਲ ਆਫ਼ ਫੇਮ’ ਵਿੱਚ 18-19ਵੀਂ ਸਦੀ ਦੀ ਮਹਾਨ ਨਾਇਕਾ ਅਤੇ ਕਨ੍ਹਈਆ ਮਿਸਲ ਦੀ ਮਿਸਲਦਾਰ ਸਰਦਾਰਨੀ ਸਦਾ ਕੌਰ, ਭਾਰਤੀ ਹਵਾਈ ਫ਼ੌਜ ਦੀ ਫਲਾਇੰਗ ਅਫ਼ਸਰ ਜੀਵਨਜੋਤ ਕੌਰ, ਆਈ.ਪੀ.ਐੱਸ. ਅਧਿਕਾਰੀ ਡਾ. ਨਵਜੋਤ ਕੌਰ, ਬੀ.ਐੱਸ.ਐੱਫ਼ ਦੀ ਸਹਾਇਕ ਕਮਾਡੈਂਟ ਮੈਡੀਕਲ ਡਾ. ਮਨਪ੍ਰੀਤ ਕੌਰ, ਪੀ.ਸੀ.ਐੱਸ. ਜੁਡੀਸ਼ੀਅਲ ਜੱਜ ਮਨਮੋਹਨਪ੍ਰੀਤ ਕੌਰ,  ਪੀ.ਸੀ.ਐੱਸ. ਜੁਡੀਸ਼ੀਅਲ ਜੱਜ ਦਿਵਿਯਾਨੀ ਲੂਥਰਾ, ਆਈ.ਏ.ਐੱਸ. ਅਧਿਕਾਰੀ ਅੰਮ੍ਰਿਤਪਾਲ ਕੌਰ, ਆਈ.ਏ.ਐੱਸ. ਅਧਿਕਾਰੀ ਰੁਕਮਣੀ ਰਿਆੜ, ਰੋਇੰਗ ਖਿਡਾਰਨ ਹਰਮਨਪ੍ਰੀਤ ਕੌਰ, ਇਨਫੋਰਸਮੈਂਟ ਅਫ਼ਸਰ ਰੁਪਿੰਦਰ ਕੌਰ, ਪੀ.ਸੀ.ਐੱਸ. ਅਧਿਕਾਰੀ ਹਰਨੂਰ ਕੌਰ ਢਿੱਲੋਂ, ਆਈ.ਐੱਫ਼.ਐੱਸ. ਅਧਿਕਾਰੀ ਹਰਪ੍ਰੀਤ ਕੌਰ, ਉੱਘੀ ਗਾਇਕਾ ਸੁਨੰਦਾ ਸ਼ਰਮਾ, ਉੱਘੀ ਸਟੇਜ ਸੰਚਾਲਕ ਅਤੇ ਅਦਾਕਾਰਾ ਸਤਿੰਦਰ ਸੱਤੀ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿੰਕ ਵਾਲ ਆਫ਼ ਫੇਮ ਵਿੱਚ ਇੱਕ ਫ਼ੋਟੋ ਫਰੇਮ ਖ਼ਾਲੀ ਰੱਖਿਆ ਗਿਆ ਹੈ ਜੋ ਸਾਡੀਆਂ ਧੀਆਂ ਨੂੰ ਪ੍ਰੇਰਿਤ ਕਰੇਗਾ ਕਿ ਉਹ ਵੀ ਅੱਗੇ ਵਧਣ ਅਤੇ ਇਸ ਖ਼ਾਲੀ ਫਰੇਮ ਵਿੱਚ ਉਨ੍ਹਾਂ ਦੀ ਤਸਵੀਰ ਲੱਗ ਸਕੇ।  ਉਨ੍ਹਾਂ ਨੇ ਇਸ ਉਪਰਾਲੇ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਜਿੰਦਰ ਸਿੰਘ ਬੇਦੀ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਸਮੀਤ ਕੌਰ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਅਧਿਆਪਕ ਮੁਕੇਸ਼ ਵਰਮਾ, ਗਾਈਡੈਂਸ਼ ਕਾਊਂਸਰ ਪਰਮਿੰਦਰ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *