ਮਾਨਸਾ, ਗੁਰਦਾਸਪੁਰ, 6 ਮਾਰਚ (ਸਰਬਜੀਤ ਸਿੰਘ)– ਮਾਨਸਾ ਦੀਆਂ ਵਿਦਿਆਰਥਣਾਂ ਨੂੰ ਮਹਾਰਾਸ਼ਟਰ ਵਿਖੇ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਵਿੱਚ ਵਿਦਿਆਰਥਣਾਂ ਨੂੰ ਜਬਰੀ ਸ਼ਰਾਬ ਪਿਆਉਣ ਅਤੇ ਓਹਨਾਂ ਬਲੈਕਮੇਲ ਕਰਕੇ ਮਾਨਸਿਕ ਉਤਪੀੜਨ ਕਰਨ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਸਬੰਧੀ ਸੀ ਪੀ ਆਈ ਐਮ ਐਲ ਲਿਬਰੇਸ਼ਨ ਦਾ ਡੈਪੂਟੇਸ਼ਨ ਏ ਡੀ ਸੀ ਜਰਨਲ ਅਤੇ ਐਸਐਸਪੀ ਨੂੰ ਮਿਲਿਆ।
ਆਗੂਆਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿੱਥੇ ਅੱਜ ਪੰਜਾਬ ਸਰਕਾਰ ਸੂਬੇ ਵਿੱਚ ਨਸ਼ਿਆਂ ਖ਼ਿਲਾਫ਼ ਇੱਕ ਜੰਗ ਦਾ ਐਲਾਨ ਕਰਕੇ ਆਪਣਾ ਬਿਗੜਿਆ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਦੂਜੇ ਪਾਸੇ ਜਿੱਥੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਨਸ਼ਿਆਂ ਖ਼ਿਲਾਫ਼ ਸੇਧ ਲੈਣੀ ਸੀ ਉੱਥੇ ਉਲਟਾ ਵਿਦਿਆਰਥਣਾਂ ਨੂੰ ਨਸ਼ਿਆਂ ਲਈ ਪ੍ਰੇਰਿਤ ਕੀਤਾ ਗਿਆ । ਇਸ ਸਬੰਧ ਵਿੱਚ ਵਿਦਿਆਰਥਣਾਂ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਵੀ ਲਿਖਤੀ ਸ਼ਿਕਾਇਤ ਦੇਕੇ ਮੈਡਮ ਸੁਰਭੀ ਖ਼ਿਲਾਫ਼ ਬਣਦੀ ਵਿਭਾਗੀ ਅਤੇ ਪੁਲਿਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਸੀਂ ਵੀ ਆਪਣੀ ਪਾਰਟੀ ਵੱਲੋ ਡੈਪੂਟੇਸ਼ਨ ਲੈਕੇ ਏ ਡੀ ਸੀ ਜਰਨਲ ਅਤੇ ਐਸਐਸਪੀ ਮਾਨਸਾ ਨੂੰ ਲਿਖਤੀ ਸ਼ਿਕਾਇਤ ਦੇਕੇ ਮੈਡਮ ਸੁਰਭੀ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।
ਆਗੂਆਂ ਨੇ ਕਿਹਾ ਕਿ ਸਾਡੇ ਕੋਲ ਮੈਡਮ ਸੁਰਭੀ ਅਤੇ ਪੀੜਤ ਵਿਦਿਆਰਥਣਾਂ ਦੀ ਆਡੀਓ ਕਾਲ ਰਿਕਾਰਡਿੰਗ ਆਈਆਂ ਹਨ ਜਿਸ ਵਿਚ ਮੈਡਮ ਸੁਰਭੀ ਪੀੜਤ ਵਿਦਿਆਰਥਣਾਂ ਨੂੰ ਧਮਕਾ ਰਹੀ ਹੈ ਕਿ ਜੇਕਰ ਤੁਸੀਂ ਸ਼ਰਾਬ ਪਿਆਉਣ ਦਾ ਮਾਮਲਾ ਉਠਾਇਆ ਤਾਂ ਮੇਰੇ ਕੋਲ ਤੁਹਾਡੀਆਂ ਹੋਰ ਵੀ ਬਹੁਤ ਵੀਡੀਓਜ਼ ਅਤੇ ਹੋਰ ਕੁੱਝ ਰਿਕਾਰਡ ਹੈ ਜ਼ੋ ਮੈਂ ਜਨਤਕ ਕਰ ਦੇਵਾਂਗੀ। ਮੈਡਮ ਸੁਰਭੀ ਨੇ ਪੀੜਤ ਵਿਦਿਆਰਥਣਾਂ ਨੂੰ ਕਾਲਜ ਦੇ ਕਮਰੇ ਵਿੱਚ ਬੰਦ ਕਰਕੇ ਓਹਨਾਂ ਦੇ ਫੋਨ ਖੋਹ ਕੇ ਨਿੱਜੀ ਡਾਟਾ ਫਰੋਲਿਆ ਅਤੇ ਉਸ ਵਿੱਚ ਪਏ ਸਬੂਤ ਆਡੀਓ, ਵੀਡਿਓ ਡਿਲੀਟ ਕਰਕੇ ਡਰਾਇਆ ਧਮਕਾਇਆ ਤਾਂ ਕਿ ਪੀੜਤ ਵਿਦਿਆਰਥਣਾਂ ਉਹ ਆਡੀਓ ਕਾਲ ਰਿਕਾਰਡਿੰਗ ਨਸਰ ਨਾ ਕਰ ਸਕਣ। ਪਹਿਲਾਂ ਵੀ ਕਈ ਇਸ ਕਿਸਮ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ । ਜ਼ੋ ਇੱਕ ਵੱਡੇ ਜਿਨਸੀ ਸੋਸ਼ਣ ਦੇ ਸਕੈਂਡਲ ਵਜੋਂ ਸਾਹਮਣੇ ਆਏ ਹਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਕਰਕੇ ਇਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਮੈਡਮ ਸੁਰਭੀ ਦਾ ਫੋਨ ਜਬਤ ਕਰਕੇ ਉਸ ਦੀ ਜਾਂਚ ਕਰਕੇ ਮੈਡਮ ਸੁਰਭੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡੈਪੂਟੇਸ਼ਨ ਵਿੱਚ ਸ਼ਾਮਲ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਕੇਂਦਰੀ ਕਮੇਟੀ ਮੈਂਬਰ ਲਿਬਰੇਸ਼ਨ ,ਜਿਲ੍ਹਾ ਕਾਰਜਕਾਰੀ ਸਕੱਤਰ ਕਾ ਵਿਜੈ ਕੁਮਾਰ ਭੀਖੀ,ਕਾਮਰੇਡ ਜਸਵੀਰ ਕੌਰ ਨੱਤ ਪ੍ਰਗਤੀਸ਼ੀਲ ਇਸਤਰੀ ਸਭਾ ,ਬਲਵਿੰਦਰ ਕੌਰ ਖਾਰਾ ਸੂਬਾ ਕਮੇਟੀ ਮੈਂਬਰ ਲਿਬਰੇਸ਼ਨ ,ਸੁਰਿੰਦਰਪਾਲ ਸ਼ਰਮਾ ਸੂਬਾ ਕਮੇਟੀ ਮੈਂਬਰ ਲਿਬਰੇਸ਼ਨ ,ਗੋਰਾਲਾਲ ਜਿਲ੍ਹਾ ਮਾਨਸਾ ਮੈਂਬਰ ,ਗੁਰਸੇਵਕ ਸਿੰਘ ਮਾਨ ਆਦਿ ਹਾਜਰ ਸਨ।