ਦਿੱਲੀ, ਗੁਰਦਾਸਪੁਰ, 5 ਜਨਵਰੀ ( ਸਰਬਜੀਤ ਸਿੰਘ)– ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 40ਵੇਂ ਦਿਨ ਖਨੌਰੀ ਕਿਸਾਨ ਮੋਰਚਾ ਵਿਖੇ ਇਤਿਹਾਸਕ ਕਿਸਾਨ ਮਹਾਂਪੰਚਾਇਤ ਹੋਈ ਜਿਸ ਵਿੱਚ ਦੇਸ਼ ਭਰ ਤੋਂ ਲੱਖਾਂ ਕਿਸਾਨਾਂ ਨੇ ਸ਼ਮੂਲੀਅਤ ਕੀਤੀ, ਇਸ ਮਹਾਂਪੰਚਾਇਤ ਨੂੰ ਖੁਦ ਜਗਜੀਤ ਸਿੰਘ ਡੱਲੇਵਾਲ ਨੇ ਸੰਬੋਧਨ ਕੀਤਾ। ਕਿਸਾਨ ਮਹਾਂਪੰਚਾਇਤ ‘ਚ ਲੱਖਾਂ ਦੀ ਗਿਣਤੀ ‘ਚ ਕਿਸਾਨ ਪੁੱਜੇ, ਜਿਸ ਕਾਰਨ ਨਰਵਾਣਾ ਤੋਂ ਲੈ ਕੇ ਪਤਾਰਾ ਨੂੰ ਜਾਂਦੀ ਸੜਕ ਪੂਰੀ ਤਰ੍ਹਾਂ ਜਾਮ ਰਹੀ, ਹਰਿਆਣਾ ਪੁਲਸ ਵੱਲੋਂ ਨਰਵਾਣਾ, ਉਝਾਣਾ, ਪਿੱਪਲਥਾ, ਧਨੌਰੀ ‘ਚ ਨਾਕਾਬੰਦੀ ਕਰਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਕਿਸਾਨਾਂ ਦੀ ਭਾਰੀ ਗਿਣਤੀ ਅਤੇ ਜੋਸ਼ ਅੱਗੇ ਫੇਲ ਹੋ ਗਏ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਂ ਕੁੱਝ ਨਹੀਂ ਕਰ ਰਿਹਾ, ਸਭ ਕੁੱਝ ਪ੍ਰਮਾਤਮਾ/ਕੁਦਰਤ ਅਤੇ ਵਾਹਿਗੁਰੂ ਦੁਆਰਾ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਮੈਂ ਸਰਕਾਰ ਦੀਆਂ ਗਲਤ ਨੀਤੀਆਂ ਅੱਗੇ ਝੁਕਣ ਦੀ ਬਜਾਏ ਸੜਕਾਂ ਉੱਪਰ ਆਪਣੇ ਲੋਕਾਂ ਦੇ ਹੱਕਾਂ ਲਈ ਲੜਦੇ ਹੋਏ ਸ਼ਹੀਦ ਹੋਣਾ ਪਸੰਦ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ 7 ਲੱਖ ਕਿਸਾਨਾਂ ਨੂੰ ਨਹੀਂ ਭੁੱਲ ਪਾ ਰਿਹਾ ਜਿੰਨਾਂ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀ ਲਈ ਅਤੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਯਤੀਮ ਬੱਚਿਆਂ ਬਾਰੇ ਸੋਚੇ ਹੋਏ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਸ਼ਹਾਦਤ ਨਾਲ ਲੱਖਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕ ਜਾਂਦੀਆਂ ਹਨ ਤਾਂ ਮੈਂ ਆਪਣੀ ਸ਼ਹਾਦਤ ਦੇਣ ਲਈ ਤਿਆਰ ਹਾਂ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਰੂਸ ਜਾ ਯੂਕਰੇਨ ਜਾਂਦੇ ਹਨ ਤਾਂ ਉਹ ਕਹਿੰਦੇ ਹਨ ਕਿ ਵੱਡੇ ਤੋਂ ਵੱਡੇ ਮਸਲੇ ਵੀ ਗੱਲਬਾਤ ਰਾਹੀਂ ਹੱਲ ਕੀਤੇ ਜਾ ਸਕਦੇ ਹਨ, ਪਰ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਆਪਣੇ ਦੇਸ਼ ਦੇ ਕਿਸਾਨਾਂ ਨਾਲ ਗੱਲ ਨਹੀਂ ਕਰਦੀ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ 20 ਮਈ 2014 ਨੂੰ ਪਹਿਲੀ ਵਾਰ ਸੰਸਦ ਵਿੱਚ ਦਾਖ਼ਲ ਹੋਏ ਤਾਂ ਉਨ੍ਹਾਂ ਨੇ ਸੰਸਦ ਦੀਆਂ ਪੌੜੀਆਂ ਅੱਗੇ ਸਿਰ ਝੁਕਾ ਕੇ ਕਿਹਾ ਸੀ ਕਿ ਮੈਂ ਸੰਸਦ ਦੀ ਹਰ ਭਾਵਨਾ ਦਾ ਸਤਿਕਾਰ ਕਰਾਂਗਾ, ਪਰ ਕੁੱਝ ਦਿਨ ਪਹਿਲਾਂ ਸੰਸਦ ਦੀ ਖੇਤੀਬਾੜੀ ਬਾਰੇ ਸਥਾਈ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸਰਬਸੰਮਤੀ ਨਾਲ ਕਿਹਾ ਹੈ ਕਿ ਐਮ ਐਸ ਪੀ ਗਾਰੰਟੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ, ਪਰ ਮੋਦੀ ਸਰਕਾਰ ਇਸ ਰਿਪੋਰਟ ਨੂੰ ਮੰਨਣ ਲਈ ਤਿਆਰ ਨਹੀਂ ਹੈ, ਸੰਸਦ ਦੀ ਸਰਬ-ਪਾਰਟੀ ਕਮੇਟੀ ਰਿਪੋਰਟ ਨੂੰ ਨਾਂ ਮੰਨ ਕਿ ਹੁਣ ਮੋਦੀ ਸਰਕਾਰ ਸੰਸਦ ਦਾ ਅਪਮਾਨ ਨਹੀਂ ਕਰ ਰਹੀ??? ਕਿਸਾਨ ਆਗੂਆਂ ਨੇ ਕਿਹਾ ਕਿ 10 ਜਨਵਰੀ ਨੂੰ ਦੇਸ਼ ਭਰ ਵਿੱਚ ਪਿੰਡ ਪੱਧਰ ’ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਅੱਜ ਦੀ ਮਹਾਂਪੰਚਾਇਤ ਵਿੱਚ ਮੁੱਖ ਤੌਰ ‘ਤੇ ਕਾਕਾ ਸਿੰਘ ਕੋਟੜਾ, ਸੁਖਜੀਤ ਸਿੰਘ ਹਰਦੋਝੰਡੇ, ਸਰਵਣ ਸਿੰਘ ਪੰਧੇਰ, ਦਿਲਬਾਗ ਹਰੀਗੜ੍ਹ, ਸੁਰਜੀਤ ਸਿੰਘ ਫੂਲ, ਅਮਰਜੀਤ ਸਿੰਘ ਮੋਹੜੀ, ਇੰਦਰਜੀਤ ਸਿੰਘ ਕੋਟਬੁੱਢਾ, ਲਖਵਿੰਦਰ ਸਿੰਘ ਔਲਖ, ਅਭਿਮੰਨਿਊ ਕੋਹਾੜ, ਗੁਰਦਾਸ ਸਿੰਘ, ਰਜਿੰਦਰ ਸਿੰਘ ਚਹਿਲ, ਬਲਦੇਵ ਸਿੰਘ ਸਿਰਸਾ, ਸੁਖਦੇਵ ਸਿੰਘ ਭੋਜਰਾਜ, ਸੁਖਜਿੰਦਰ ਸਿੰਘ ਖੋਸਾ, ਅਰੁਣ ਸਿਨਹਾ (ਬਿਹਾਰ), ਜਸਦੇਵ ਸਿੰਘ (ਮੱਧ ਪ੍ਰਦੇਸ਼), ਕੁਰਬਰੂ ਸ਼ਾਂਤਾਕੁਮਾਰ (ਕਰਨਾਟਕ), ਪੀ ਆਰ ਪੰਡਯਾਨ (ਤਾਮਿਲਨਾਡੂ), ਸੰਦੀਪ ਸਿੰਘ, ਮਨਿੰਦਰ ਸਿੰਘ ਮਾਨ, ਇੰਦਰਜੀਤ ਪੰਨੀਵਾਲਾ (ਰਾਜਸਥਾਨ), ਸ਼ੇਰਾ ਅਟਵਾਲ, ਹਰਸੁਲਿੰਦਰ ਸਿੰਘ, ਹਰਪਾਲ ਚੌਧਰੀ, ਅਨਿਲ ਤਾਲਨ, ਜਤਿੰਦਰ ਸ਼ਰਮਾ, ਅਵਨੀਸ਼ ਪਵਾਰ (ਉੱਤਰ ਪ੍ਰਦੇਸ਼), ਵੈਂਕਟੇਸ਼ਵਰ ਨੱਲਮੱਲਾ (ਤੇਲੰਗਾਨਾ), ਅਨਿਲ ਸ਼ਿਓਪੁਰ (ਮੱਧ ਪ੍ਰਦੇਸ਼) ਆਦਿ ਹਾਜ਼ਰ ਸਨ।


