ਗੁਰਦਾਸਪੁਰ,12 ਨਵੰਬਰ (ਸਰਬਜੀਤ ਸਿੰਘ)– ਐਸ.ਐਸ.ਪੀ ਗੁਰਦਾਸਪੁਰ ਹਰੀਸ਼ ਦਯਾਮਾ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਏਰੀਆ ਅਧੀਨ ਆਉਂਦੇ ਮੈਰਿਜ ਪੈਲੇਸ ਦੇ ਮਾਲਕਾਂ ਨਾਲ ਸੁਰੱਖਿਆ ਵਿਵਸਥਾ ਸੰਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਜੁਗਰਾਜ ਸਿੰਘ, ਐਸ.ਪੀ (ਐੱਚ) ਗੁਰਦਾਸਪੁਰ ਵੀ ਮੋਜੂਦ ਸਨ।
ਮੀਟਿੰਗ ਦੌਰਾਨ ਐਸ.ਐਸ.ਪੀ ਗੁਰਦਾਸਪੁਰ ਵਲੋਂ ਪੈਲੇਸ/ਰਿਜੋਰਟ ਮਾਲਕਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਪੈਲੇਸਾਂ/ਰਿਜੋਰਟ ਵਿੱਚ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ਦਾ ਪ੍ਰਦਰਸ਼ਨ ਨਾ ਹੋਣ ਦਿੱਤਾ ਜਾਵੇ। ਗੀਤਕਾਰਾਂ/ਕਲਾਕਾਰਾਂ ਜਾਂ ਡੀ.ਜੇ. ਵਾਲਿਆਂ ਨੂੰ ਪੈਲੇਸ ਵਿੱਚ ਡੀ.ਜੇ. ਤੇ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਅਤੇ ਉਤਸ਼ਾਹਿਤ ਕਰਨ ਵਾਲੇ ਗੀਤ ਚਲਾਉਣ ਦੀ ਇਜਾਜਤ ਨਾ ਦਿੱਤੀ ਜਾਵੇ।
ਪੈਲੇਸ ਵਿਚ ਸਮਾਗਮ ਸਮੇਂ ਕਿਸੇ ਨੂੰ ਵੀ ਹਥਿਆਰ ਨਾ ਲੈ ਕੇ ਅੰਦਰ ਨਾ ਆਉਣ ਦਿੱਤਾ ਜਾਵੇ। ਅਗਰ ਅਜਿਹੀ ਕੋਈ ਗੱਲ ਧਿਆਨ ਵਿਚ ਆਉਂਦੀ ਹੈ ਤਾਂ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ਕਰਨ ਦਾ ਮੁੱਖ ਮੰਤਵ ਇਹੀ ਹੈ ਕਿ ਮੈਰਿਜ ਪੈਲੇਸ/ਰਿਜ਼ੋਰਟ ਵਿੱਚ ਅਣਸੁਖਾਵੀਂ ਘਟਨਾ ਨੂੰ ਰੋਕਣਾ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।