ਸਰਕਾਰ ਅਤੇ ਉਸ ਦੀ ਪੁਲਸ ਨਸ਼ੇ ਕੰਟਰੋਲ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ–ਕਾਮਰੇਡ ਬੱਖਤਪੁਰਾ
ਬਟਾਲਾ, ਗੁਰਦਾਸਪੁਰ, 2 ਜੁਲਾਈ (ਸਰਬਜੀਤ ਸਿੰਘ)– ਇੱਥੇ ਫ਼ੈਜ਼ਪੁਰਾ ਰੋਡ ਲਿਬਰੇਸ਼ਨ ਦਫ਼ਤਰ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਮਾਝਾ ਦੁਆਬਾ ਖੇਤਰ ਦੀ ਵਿਸਥਾਰਤ ਮੀਟਿੰਗ ਜਸਬੀਰ ਕੌਰ ਹੇਰ, ਚਰਨਜੀਤ ਸਿੰਘ ਭਿੰਡਰ ਅਤੇ ਅਸ਼ਵਨੀ ਕੁਮਾਰ ਲੱਖਣ ਕਲਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਚਰਚਿਤ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਸਮੇਂ ਬੋਲਦਿਆਂ ਕਾਮਰੇਡ ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਭੀਖੀ, ਸੁਖਦੇਵ ਸਿੰਘ ਭਾਗੋਕਾਵਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਦੀ ਰਾਖੀ ਲਈ ਪੰਜਾਬ ਦੀਆਂ ਨਹਿਰਾਂ,ਸੂਏ,ਖਾਲ ਅਤੇ ਕਸੀਆਂ ਵਿਚ ਪਾਣੀ ਚਾਲੂ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਕੋਰਾ ਝੂਠ ਬੋਲਦੀ ਹੈ ਕਿ ਪੰਜਾਬ ਦੀ ਹਰ ਟੇਲ ਤੱਕ ਨਹਿਰੀ ਪਾਣੀ ਪੁਜਦਾ ਕਰ ਦਿੱਤਾ ਗਿਆ ਹੈ। ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਰਕਾਰ ਨੂੰ ਲੰਬੇ ਸਮੇਂ ਦੀ ਪਲੇਨਿੰਗ ਬਨਾਉਣੀ ਚਾਹੀਦੀ ਹੈ ਅਤੇ ਇਸ ਲਈ ਸਖਤੀ ਵਰਤੀ ਜਾਣੀ ਚਾਹੀਦੀ ਹੈ। ਬਾਰਸ਼ ਦੇ ਪਾਣੀ ਦੀ ਸਾਂਭ ਸੰਭਾਲ ਲਈ ਨੀਤੀ ਤਹਿ ਕੀਤੀ ਜਾਣੀ ਚਾਹੀਦੀ ਹੈ।ਇਸ ਸਮੇਂ ਐਨ ਡੀ ਏ ਸਰਕਾਰ ਦੀ ਸੱਖਤ ਨੁਕਤਾਚੀਨੀ ਕਰਦਿਆਂ ਕਿਹਾ ਗਿਆ ਕਿ ਮੋਦੀ ਸਰਕਾਰ ਪਹਿਲਾਂ ਦੀ ਤਰ੍ਹਾਂ ਮਨਮਾਨੀਆਂ ਕਰ ਰਹੀ ਹੈ। ਲੋਕ ਸਭਾ ਵਿੱਚ ਬਿਨਾਂ ਕਿਸੇ ਬਹਿਸ ਤੋਂ ਅਤੇ ਵਿਰੋਧੀ ਧਿਰ ਦੀ ਗੈਰ ਹਾਜ਼ਰੀ ਵਿੱਚ ਜਿਹੜੇ ਤਿੰਨ ਫੌਜਦਾਰੀ ਕਾਨੂੰਨਾਂ ਨੂੰ ਪਾਸ ਕਰਕੇ ਭਾਰਤ ਸਰਕਾਰ ਨੇ ਪਹਿਲੀ ਜੁਲਾਈ ਤੋਂ ਉਨ੍ਹਾਂ ਨੂੰ ਲਾਗੂ ਕੀਤਾ ਹੈ ਇਹ ਸਰਾਸਰ ਮਨੁੱਖੀ ਹੱਕਾਂ ਦਾ ਘਾਂਣ ਹੈ,ਇਹ ਕਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ ਅਤੇ ਨਵੇਂ ਰੂਪ ਵਿਚ ਲੋਕ ਸਭਾ ਵਿੱਚ ਪੇਸ਼ ਕਰਨ ਲਈ ਕਿਹਾ ਗਿਆ। ਆਗੂਆਂ ਮਾਨ ਸਰਕਾਰ ਤੇ ਵਰਦਿਆਂ ਕਿਹਾ ਕਿ ਨਸ਼ਿਆਂ ਨਾਲ ਹਰ ਰੋਜ ਦੋ ਚਾਰ ਨੌਜਵਾਨਾਂ ਦੇ ਮਰਨ ਦੀਆਂ ਖਬਰਾਂ ਛੱਪ ਰਹੀਆਂ ਹਨ ਪਰ ਸਰਕਾਰ ਅਤੇ ਉਸ ਦੀ ਪੁਲਸ ਨਸ਼ੇ ਕੰਟਰੋਲ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ ਕਿਉਂਕਿ ਨਸ਼ੇ ਦੀ ਵਿਕਰੀ ਅਤੇ ਹੋ ਰਹੀਆਂ ਮੌਤਾਂ ਲਈ ਰਾਜਸੀ ਲੋਕਾਂ, ਪੁਲਸ ਅਤੇ ਨਸ਼ਾ ਤਸਕਰਾਂ ਦਾ ਕਲਿੱਕ ਜਿੰਮੇਵਾਰ ਹੈ। ਆਗੂਆਂ ਕਿਹਾ ਕਿ ਇਸ ਦੀ ਕੀਮਤ ਮਾਨ ਸਰਕਾਰ ਨੂੰ ਫਿਰ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ ਤਾਰਨ ਲਈ ਤਿਆਰ ਰਹਿਣਾ ਚਾਹੀਦਾ ਹੈ।ਇਸ ਸਮੇਂ ਬਲਬੀਰ ਸਿੰਘ ਮੂਧਲ, ਬਲਬੀਰ ਸਿੰਘ ਉਂਚਾ ਧਕਾਲਾ, ਅਮਨਦੀਪ ਸਿੰਘ ਪਾਖਰਪੁਰਾ, ਕੁਲਦੀਪ ਰਾਜੂ, ਦਲਬੀਰ ਭੋਲਾ ਮਲਕਵਾਲ, ਬਚਨ ਸਿੰਘ ਤੇਜਾ ਕਲਾਂ, ਜਗੀਰ ਸਿੰਘ ਬੋਪਾਰਾਏ,ਸਹਿਦੇਵ ਕਲੇਰ, ਮਨਜੀਤ ਸਿੰਘ ਗਹਿਰੀ, ਅਸ਼ੋਕ ਮਹਾਜਨ, ਰਘਬੀਰ ਸਿੰਘ ਭਿੰਡਰ, ਸੁਰਜੀਤ ਸਿੰਘ ਬਾਜਵਾ ਅਤੇ ਸ਼ਾਮ ਸਿੰਘ ਹਾਜ਼ਰ ਸਨ।