ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਦੇ 10ਵੇਂ ਸਥਾਪਨਾ ਦਿਵਸ ਮੌਕੇ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਨ
ਗੁੁਰਦਾਸਪੁਰ, 16 ਜੂਨ ( ਸਰਬਜੀਤ ਸਿੰਘ) – ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਦੇ 10ਵੇਂ ਸਥਾਪਨਾ ਦਿਵਸ ਮੌਕੇ ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਕਲਾਨੌਰ ਵੱਲੋਂ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ 122ਵਾਂ ਖੂਨਦਾਨ ਕੈਂਪ ਲਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਗੁਰਦਾਸਪੁਰ, ਬਟਾਲਾ ਅਤੇ ਮੁਕੇਰੀਆਂ ਦੇ ਸਰਕਾਰੀ ਹਸਪਤਾਲਾਂ ਦੀਆਂ ਟੀਮਾਂ ਅਤੇ ਬੱਬਰ ਬਲਡ ਬੈਂਕ ਦੀ ਟੀਮ ਵੱਲੋਂ ਕੈਂਪ ਵਿੱਚ ਯੋਗਦਾਨ ਦਿੱਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਸ਼ਾਮਲ ਹੋਏ। ਇਸ ਖੂਨਦਾਨ ਕੈਂਪ ਦੌਰਾਨ ਦਾਨੀਆਂ ਵੱਲੋਂ 140 ਯੂਨਿਟ ਖੂਨਦਾਨ ਕੀਤਾ ਗਿਆ। ਚੇਅਰਮੈਨ ਰਮਨ ਬਹਿਲ ਵੱਲੋਂ ਇਸ ਮੌਕੇ ਖੂਨ ਦਾਨ ਕਰਨ ਵਾਲੇ ਦਾਨੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਖੂਨ ਦਾਨ ਦੁਨੀਆਂ ਦਾ ਸਭ ਤੋਂ ਮਹਾਨ ਦਾਨ ਹੈ ਅਤੇ ਖੂਨਦਾਨ ਰਾਹੀਂ ਕਿਸੇ ਦੀ ਬੇਸ਼ਕੀਮਤੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਖੂਨ ਦਾਨ ਕਰ ਰਹੇ ਸਮਾਜ ਸੇਵਕ ਮਨੁੱਖਤਾ ਦੀ ਅਸਲ ਸੇਵਾ ਕਰ ਰਹੇ ਹਨ। ਉਨ੍ਹਾਂ ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਕਲਾਨੌਰ ਵੱਲੋਂ ਲਗਾਤਾਰ ਖੂਨ ਦਾਨ ਕੈਪ ਲਾਉਣ `ਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਮਾਜ ਨੂੰ ਇਹ ਬਹੁਤ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਐਕਸੀਡੈਂਟ, ਥੈਲੇਸੀਮੀਆ, ਕੈਂਸਰ ਦੇ ਮਰੀਜ਼ਾਂ ਅਤੇ ਆਪਰੇਸ਼ਨ ਆਦਿ ਦੌਰਾਨ ਖੂਨ ਦੀ ਬਹੁਤ ਜ਼ਰੂਰਤ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿੱਚ ਹੀ ਕਰੀਬ 600 ਯੂਨਿਟ ਖੂਨ ਦੀ ਹਰੇਕ ਮਹੀਨੇ ਲੋੜ ਪੈਂਦੀ ਹੈ ਅਤੇ ਇਹ ਲੋੜ ਕੇਵਲ ਅਜਿਹੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਹੀ ਪੂਰੀ ਹੋ ਸਕਦੀ ਹੈ।



