ਗੁਰਦਾਸਪੁਰ, 14 ਜੂਨ (ਸਰਬਜੀਤ ਸਿੰਘ)– ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਗੁਰਦਾਸਪੁਰ ਦੇ ਖੇਤੀਬਾੜੀ ਵਿਗਿਆਨ ਕੇਂਦਰ ਵੱਲੋਂ ਡੇਅਰੀ ਫਾਰਮਿੰਗ ਨਾਲ ਸਬੰਧਤ ਦਸ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ 27 ਪਸ਼ੂ ਪਾਲਕਾਂ ਨੇ ਭਾਗ ਲਿਆ ਅਤੇ ਸਿਖਲਾਈ ਪ੍ਰਾਪਤ ਕੀਤੀ। ਸਿਲਖਾਈ ਪ੍ਰੋਗਰਾਮ ਵਿੱਚ ਸਹਾਇਕ ਪ੍ਰੋਫੈਸਰ ਡਾ: ਅੰਕੁਸ਼ ਨੇ ਪਸ਼ੂਆਂ ਦੀ ਸਾਂਭ-ਸੰਭਾਲ, ਖਾਣ-ਪੀਣ, ਪਸ਼ੂਆਂ ਦੀਆਂ ਨਸਲਾਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤਾਂ ਜੋ ਕਿਸਾਨ ਡੇਅਰੀ ਦਾ ਧੰਦਾ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ। ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੂੰ ਜ਼ਿਲ੍ਹੇ ਦੇ ਚੰਗੇ ਅਤੇ ਸਫਲ ਡੇਅਰੀ ਕਿਸਾਨਾਂ ਦੇ ਫਾਰਮਾਂ ਦਾ ਦੌਰਾ ਵੀ ਕਰਵਾਇਆ ਗਿਆ ਤਾਂ ਜੋ ਵਧੀਆ ਡੇਅਰੀ ਪ੍ਰਬੰਧ ਦੇਖ ਕੇ ਸਿਖਿਆਰਥੀ ਇਸ ਨੂੰ ਆਪਣੇ ਡੇਅਰੀ ਉਦਯੋਗ ਵਿੱਚ ਵੀ ਅਪਣਾ ਸਕਣ। ਖੇਤੀਬਾੜੀ ਵਿਗਿਆਨ ਕੇਂਦਰ ਗੁਰਦਾਸਪੁਰ ਦੇ ਡਾਇਰੈਕਟਰ ਡਾ: ਬਿਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਡੇਅਰੀ ਧੰਦੇ ਨੂੰ ਉਤਸ਼ਾਹ ਨਾਲ ਅਪਣਾਉਣ ਦੀ ਸਲਾਹ ਦਿੱਤੀ ਤਾਂ ਜੋ ਉਨ੍ਹਾਂ ਦੀ ਖੇਤੀ ਆਮਦਨ ਵਿੱਚ ਵਾਧਾ ਹੋ ਸਕੇ।