ਗੁਰਦਾਸਪੁਰ, 13 ਜੂਨ ( ਸਰਬਜੀਤ ਸਿੰਘ)– ਇੱਥੇ ਲਹਿਰਕਾ ਰੋਡ ਪਾਰਟੀ ਦਫਤਰ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਜ਼ਿਲ੍ਹਾ ਕਮੇਟੀ ਮੀਟਿੰਗ ਮੰਗਲ ਸਿੰਘ ਧਰਮਕੋਟ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਇਸ ਸਮੇਂ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਦਾ ਰਿਵਿਊ ਕਰਦਿਆਂ ਸਾਰੇ ਸਾਥੀਆਂ ਨੇ ਮਹਿਸੂਸ ਕੀਤਾ ਹੈ ਕਿ ਪਾਰਟੀ ਸੂਬਾ ਕਮੇਟੀ ਦਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਦਾ ਫੈਸਲਾ ਸਹੀ ਫੈਸਲਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਚੋਣਾਂ ਵਿੱਚ ਹੋਈ ਹਾਰ ਦੇ ਸੱਭ ਤੋਂ ਵੱਡੇ ਕਾਰਨ, ਨਸ਼ਿਆਂ ਵਿਚ ਨਿਰੰਤਰ ਵਾਧਾ , ਭ੍ਰਿਸ਼ਟਾਚਾਰ,ਅਮਨ ਕਾਨੂੰਨ ਦੀ ਬੁਰੀ ਹਾਲਤ, ਪੁਲਿਸ ਅਤੇ ਪ੍ਰਸ਼ਾਸਨ ਦਾ ਸਿਆਸੀ ਕਰਨ,ਵੀ ਆਈ ਪੀ ਕਲਚਰ ਦੀ ਭਰਮਾਰ ਅਤੇ ਮਜ਼ਦੂਰਾਂ ਕਿਸਾਨਾਂ ਦੇ ਮਸਲਿਆਂ ਤੇ ਝੂਠ ਦੀ ਸਿਆਸਤ ਕਰਨਾ , ਮੁੱਖ ਕਾਰਨ ਹਨ। ਜਿਨ੍ਹਾਂ ਮੁਦਿਆਂ ਉਂਪਰ ਹੋਈ ਵੱਡੀ ਹਾਰ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਅਣਜਾਣਤਾ ਪ੍ਰਗਟਾ ਰਹੀ ਹੈ। ਜੇਕਰ ਆਮ ਆਦਮੀ ਪਾਰਟੀ ਦੀ ਇਸ ਤਰ੍ਹਾਂ ਦੀ ਰਾਜਨੀਤੀ ਜਾਰੀ ਰਹੀ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਹਾਸ਼ੀਏ ਤੇ ਧੱਕੀ ਜਾਵੇਗੀ। ਕੇਂਦਰ ਦੀ ਐਨਡੀਏ ਸਰਕਾਰ ਦੇ ਗੱਠਨ ਬਾਰੇ ਬੋਲਦਿਆਂ ਬੱਖਤਪੁਰਾ ਨੇ ਕਿਹਾ ਕਿ ਭਾਜਪਾ ਇਸ ਸਰਕਾਰ ਨੂੰ ਅਜਾਦਆਨਾ ਚਲਾਉਣ ਲਈ ਅਪ੍ਰੇਸ਼ਨ ਲੋਟਸ ਦਾ ਰਾਹ ਅਪਣਾਏਗੀ ਕਿਉਂਕਿ ਫਾਸਿਸਟ ਵਿਚਾਰਧਾਰਾ ਦੇ ਹਾਮੀ ਮੋਦੀ ਅਤੇ ਅਮਿਤ ਸ਼ਾਹ ਸਾਂਝੀ ਸਰਕਾਰ ਚਲਾਉਣ ਦੇ ਆਦੀ ਨਹੀਂ ਹਨ। ਮੀਟਿੰਗ ਵਿੱਚ ਬਲਬੀਰ ਸਿੰਘ ਮੂਧਲ, ਨਿਰਮਲ ਸਿੰਘ ਛੱਜਲਵੱਡੀ, ਦਲਵਿੰਦਰ ਸਿੰਘ ਪੰਨੂ, ਮਨਜੀਤ ਸਿੰਘ ਗਹਿਰੀ, ਸ਼ਮਸ਼ੇਰ ਸਿੰਘ ਹੇਰ, ਨਰਿੰਦਰ ਤੇੜਾ, ਕੁਲਦੀਪ ਰਾਜੂ ਅਤੇ ਜਸਬੀਰ ਹੇਰ ਸ਼ਾਮਿਲ ਸਨ।


