ਗੁਰਦਾਸਪੁਰ, 4 ਜੂਨ ( ਸਰਬਜੀਤ ਸਿੰਘ)–ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਉਪਰ ਟਿੱਪਣੀ ਕਰਦਿਆਂ ਕਿਹਾ ਹੈ ਕਿ ਬੇਸ਼ੱਕ ਇੰਡੀਆ ਗਠਜੋੜ ਆਪਣੀ ਸਰਕਾਰ ਬਨਾਉਣ ਦੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ ਪਰ ਭਾਜਪਾ ਵਲੋਂ ਆਜਾਦਾਨਾ ਵੱਡਾ ਬਹੁਮਤ ਲਿਜਾਣ ਦੇ ਇਰਾਦਿਆਂ ਨੂੰ ਰੋਕਣ ਵਿਚ ਜ਼ਰੂਰ ਕਾਮਯਾਬ ਰਿਹਾ ਹੈ।ਇਹ ਵਿਚਾਰ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਪ੍ਰਗਟ ਕੀਤੇ। ਜੇਕਰ ਮੋਦੀ ਸਰਕਾਰ ਬਣਾ ਵੀ ਲੈਂਦਾ ਹੈ ਤਾਂ ਇਹ ਸਰਕਾਰ ਵਡੇ ਫੈਸਲੇ ਲੈਣ ਵਿੱਚ ਯੋਗ ਨਹੀਂ ਰਹੇਗੀ।ਉਨ੍ਹਾਂ ਪੰਜਾਬ ਬਾਰੇ ਬੋਲਦਿਆਂ ਕਿਹਾ ਕਿ ਮਾਨ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਉਸਦੇ ਚਾਰ ਮੰਤਰੀਆਂ ਅਤੇ ਤਿੰਨ ਵਿਧਾਇਕਾਂ ਸਮੇਤ 10 ਉਮੀਦਵਾਰਾ ਨੂੰ ਹਰਾਉਣ ਦਾ ਵੱਡਾ ਝਟਕਾ ਦਿੰਦਿਆ ਦਰਸਾ ਦਿੱਤਾ ਹੈ ਕਿ ਮੁੱਖ ਮੰਤਰੀ ਨੇ ਨਸ਼ੇ ਖ਼ਤਮ ਕਰਨ, ਭਿਰਸ਼ਟਾਚਾਰ ਰੋਕਣ, ਬਰਗਾੜੀ ਕੋਟਕਪੂਰਾ ਦਾ ਇਨਸਾਫ ਦੇਣ ਅਤੇ ਵੀ ਆਈਂ ਪੀ ਸਭਿਆਚਾਰ ਦੇ ਖ਼ਤਮ ਕਰਨ ਵਰਗੇ ਜੋ ਵਾਇਦੇ ਕੀਤੇ ਸਨ, ਉਸਦੀ ਸਰਕਾਰ ਨੂੰ ਸਜ਼ਾ ਦਿੱਤੀ ਗਈ ਹੈ। ਵੈਸੇ ਚੋਣ ਨਤੀਜਿਆਂ ਤੋਂ ਬਾਅਦ ਇਖਲਾਕੀ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਪਾਸੇ ਹੋ ਜਾਂਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਦਾ ਭਵਿੱਖ ਹੁਣ ਖਤਰਿਆਂ ਭਰਿਆ ਹੈ। ਖੰਡੂਰ ਸਾਹਿਬ ਤੋਂ ਅੰਮਿਰਤਪਾਲ ਸਿੰਘ ਅਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਉਪਰ ਟਿੱਪਣੀ ਕਰਦਿਆਂ ਬੱਖਤਪੁਰਾ ਨੇ ਕਿਹਾ ਕਿ ਮਾਨ ਸਰਕਾਰ ਵਲੋਂ ਕੇਂਦਰ ਨਾਲ ਮਿਲੀਭੁਗਤ ਕਰਕੇ ਅਮਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਉਪਰ ਐਨ ਐਸ ਏ ਲਗਾਉਣਾ ਅਤੇ ਪਿਛਲੇ ਦਹਾਕਿਆਂ ਦੇ ਕੀਤੇ ਜ਼ਬਰ ਦਾ ਇਨਸਾਫ ਨਾਂ ਮਿਲਣ ਨਾਲ ਸਿੱਖ ਜਨਤਾ ਵਿੱਚ ਇਹ ਸੁਨੇਹਾ ਗਿਆ ਹੈ ਕਿ ਸਿੱਖ ਜਨਤਾ ਨਾਲ਼ ਬੇਗਾਨਿਆਂ ਵਰਗਾ ਵਿਵਹਾਰ ਖਤਮ ਨਹੀਂ ਹੋ ਰਿਹਾ।