30 ਮਈ ਸ਼ਾਮ 6 ਵਜੇ ਤੋਂ ਇਲੈੱਕਟ੍ਰਾਨਿਕ ਤੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਚੋਣ ਪ੍ਰਚਾਰ ’ਤੇ ਲਾਗੂ ਹੋ ਜਾਵੇਗੀ ਪਾਬੰਦੀ – ਵਧੀਕ ਜ਼ਿਲ੍ਹਾ ਚੋਣ ਅਫ਼ਸਰ

ਗੁਰਦਾਸਪੁਰ

31 ਮਈ ਤੇ 01  ਜੂਨ ਦੇ ਅਖ਼ਬਾਰਾਂ ’ਚ ਛਪਣ ਵਾਲੇ ਸਿਆਸੀ ਇਸ਼ਤਿਹਾਰਾਂ ਲਈ ਵੀ ਅਗਾਊਂ ਪ੍ਰਵਾਨਗੀ ਲੈਣੀ ਲਾਜ਼ਮੀ

ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)–  ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਤਦਾਨ ਮੁਕੰਮਲ ਹੋਣ ਤੋਂ 48 ਘੰਟੇ ਪਹਿਲਾਂ, ਭਾਵ ਚੋਣ ਪ੍ਰਚਾਰ ਖ਼ਤਮ ਹੁੰਦੇ ਸਾਰ ਹੀ ਇਲੈੱਕਟ੍ਰਾਨਿਕ ਮੀਡੀਆ ਸਮੇਤ ਰੇਡੀਉ-ਟੈਲੀਵਿਜ਼ਨ, ਸੋਸ਼ਲ ਮੀਡੀਆ ’ਤੇ ਹੋਣ ਵਾਲੇ ਸਿਆਸੀ ਪ੍ਰਚਾਰ ਜਾਂ ਇਸ਼ਤਿਹਾਰ ’ਤੇ ਵੀ ਰੋਕ ਲੱਗ ਜਾਵੇਗੀ।  ਇਹ ਪਾਬੰਦੀ ਐਗਜ਼ਿਟ ਪੋਲ ਅਤੇ ਓਪੀਨੀਅਨ ਪੋਲ ’ਤੇ ਵੀ ਲਾਗੂ ਹੋਵੇਗੀ।

ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ 30 ਮਈ ਸ਼ਾਮ 6 ਵਜੇ ਤੋਂ ਬਾਅਦ ਰੇਡੀਓ, ਟੈਲੀਵਿਜ਼ਨ, ਸਿਨੇਮਾ, ਸੋਸ਼ਲ ਮੀਡੀਆ, ਬਲਕ ਐੱਸ.ਐੱਮ.ਐੱਸ. ਜਾਂ ਪ੍ਰੀ-ਰਿਕਾਰਡਡ ਐੱਸ.ਐੱਮ.ਐੱਸ. ਸੁਨੇਹਿਆਂ ਸਮੇਤ ਅਜਿਹੇ ਹੋਰ ਕਿਸੇ ਵੀ ਸਾਧਨ ’ਤੇ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ ਅਤੇ ਨਾ ਹੀ ਸਿਆਸੀ ਇਸ਼ਤਿਹਾਰ ਦਿੱਤਾ ਜਾ ਸਕੇਗਾ, ਜੋ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਇਲੈੱਕਟ੍ਰਾਨਿਕ ਮੀਡੀਆ ਦੇ ਘੇਰੇ ਵਿੱਚ ਆਉਂਦਾ ਹੈ।

ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੇ ਮਿਤੀ 23 ਮਈ, 2024 ਨੂੰ ਜਾਰੀ ਚੋਣ ਅਮਲ ਦੇ ਅਖੀਰਲੇ 48 ਘੰਟਿਆਂ ਦੇ “ਸਟੈਂਡਰਡ ਆਪਰੇਟਿੰਗ ਪ੍ਰੋਸੀਜਰ” ਮੁਤਾਬਿਕ ਚੋਣ ਪ੍ਰਚਾਰ ਲਈ ਤੈਅ ਸਮਾਂ-ਸੀਮਾ ਸਮਾਪਤ ਹੁੰਦੇ ਸਾਰ ਹੀ ਕੋਈ ਵੀ ਟੀ.ਵੀ., ਰੇਡੀਓ, ਸੋਸ਼ਲ ਮੀਡੀਆ ਚੈਨਲ ਕਿਸੇ ਵੀ ਪਾਰਟੀ ਦੇ ਪ੍ਰਚਾਰ ਲਈ ਇਸ਼ਤਿਹਾਰ ਜਾਂ ਉਸ ਨਾਲ ਮਿਲਦਾ ਜੁਲਦਾ ਪ੍ਰੋਗਰਾਮ ਨਹੀਂ ਚਲਾ ਸਕਣਗੇ।  ਉਨ੍ਹਾਂ ਕਿਹਾ ਕਿ ਮਿਤੀ 31 ਮਈ, 2024 ਅਤੇ ਮਿਤੀ 01 ਜੂਨ, 2024 ਨੂੰ ਛਪਣ ਵਾਲੀਆਂ ਅਖ਼ਬਾਰਾਂ ਵਿੱਚ ਵੀ ਇਸ਼ਤਿਹਾਰ ਦੇਣ ਤੋਂ ਪਹਿਲਾਂ ਚੋਣ ਅਮਲ ਵਿਚ ਭਾਗ ਲੈ ਰਹੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਆਪਣੇ ਇਸ਼ਤਿਹਾਰ ਮੀਡੀਆ ਸਰਟੀਫ਼ਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਅਗਾਊਂ ਪ੍ਰਵਾਨਗੀ ਉਪਰੰਤ ਹੀ ਛਪਵਾ ਸਕਦੇ ਹਨ।

Leave a Reply

Your email address will not be published. Required fields are marked *