ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਐੱਸ.ਐੱਸ.ਪੀ. ਹਰੀਸ਼ ਦਾਯਮਾ ਵੱਲੋਂ ਅੱਜ ਦੀਨਾਨਗਰ ਦੇ ਬਾਈਪਾਸ ਨੇੜੇ 24 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਜਾਣ ਵਾਲੀ ਰੈਲੀ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ, ਐੱਸ.ਡੀ.ਐੱਮ. ਦੀਨਾਨਗਰ ਗੁਰਦੇਵ ਸਿੰਘ ਧਾਮ ਅਤੇ ਪੁਲਿਸ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਮਈ ਨੂੰ ਦੀਨਾਨਗਰ ਦੇ ਨੇੜੇ ਬਾਈਪਾਸ ਕੋਲ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਪ੍ਰਧਾਨ ਮੰਤਰੀ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਸਬੰਧੀ ਕੀਤੇ ਜਾਣ ਵਾਲੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਉਨ੍ਹਾਂ ਨੇ ਅੱਜ ਐੱਸ.ਐੱਸ.ਪੀ. ਹਰੀਸ਼ ਦਾਯਮਾ ਅਤੇ ਹੋਰ ਅਧਿਕਾਰੀਆਂ ਨਾਲ ਰੈਲੀ ਵਾਲੀ ਥਾਂ ਦਾ ਦੌਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਸਬੰਧੀ ਸਾਰੀਆਂ ਹਦਾਇਤਾਂ ਤੇ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਨੇ ਰੈਲੀ ਦੇ ਪ੍ਰਬੰਧਕਾਂ ਨੂੰ ਵੀ.ਵੀ.ਆਈ.ਪੀਜ਼ ਦੀ ਸੁਰੱਖਿਆ ਅਤੇ ਰੈਲੀ ਸਬੰਧੀ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਾਉਂਦਿਆਂ ਕਿਹਾ ਕਿ ਉਹ ਤਹਿ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਰੈਲੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ, ਜਿਸ ‘ਤੇ ਪ੍ਰਬੰਧਕਾਂ ਨੇ ਭਰੋਸਾ ਦਿੱਤਾ ਕਿ ਉਹ ਸਾਰੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨਗੇ।