ਤਪਾ ਮੰਡੀ, ਗੁਰਦਾਸਪੁਰ, 14 ਅਪ੍ਰੈਲ ( ਸਰਬਜੀਤ ਸਿੰਘ)– ਪਿਛਲੇ ਦਿਨੀਂ ਸਰਕਾਰੀ ਰਿਪੂਦਮਨ ਕਾਲਜ ਨਾਭਾ ਵਿਖੇ ਕਾਲਜ ਦੀ ਇੱਕ ਵਿਦਿਆਰਥਣ ਨਾਲ਼ ਸਮੂਹਿਕ ਜ਼ਬਰ- ਜਨਾਹ ਦੀ ਘਟਨਾ ਨੇ ਸਮੁੱਚੇ ਸਮਾਜ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਕਿਹਾ 21ਵੀਂ ਸਦੀ ਦੇ ਯੁੱਗ ਵਿੱਚ ਅਜਿਹੀਆਂ ਘਟਨਾਵਾਂ ਦਾ ਲਗਾਤਾਰ ਵਧਣਾ ਸੱਭਿਆਕ ਸਮਾਜ ਦੇ ਮੱਥੇ ਤੇ ਕਲੰਕ ਹੈ। ਆਗੂ ਨੇ ਕਿਹਾ ਕਿ ਜੇਕਰ ਕਾਲਜ ਦੇ ਅਹਾਤੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਨਹੀਂ ਰੋਕਿਆ ਜਾ ਸਕਦਾ ਤਾਂ ਸੜਕਾਂ ਤੇ ਜਾਂ ਘਰਾਂ ਤੋਂ ਬਾਹਰ ਕੁੜੀਆਂ ਦੀ ਕੀ ਸੁਰੱਖਿਆ ਹੈ? ਆਗੂ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਸਿਰੇ ਦੀ ਨਲਾਇਕੀ ਹੈ, ਆਮ ਜਨਤਾ ਲਗਾਤਾਰ ਨਵੀਆਂ ਤੋਂ ਨਵੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ। ਸਰਕਾਰਾਂ ਦਾ ਸਿਰਫ਼ ਤੇ ਸਿਰਫ਼ ਧਿਆਨ ਚੋਣਾ ਜਿੱਤਣ ਵੱਲ ਕੇਂਦਰਿਤ ਹੈ। ਕੁੜੀਆਂ ਨਾਲ ਹਰ ਰੋਜ਼ ਛੇੜ ਛਾੜ ਦੀਆਂ ਘਟਨਾਵਾਂ ਵਧ ਰਹੀਆਂ ਹਨ, ਦਲਿਤ ਔਰਤਾਂ ਉੱਪਰ ਜ਼ੁਲਮ ਵਧ ਰਹੇ ਹਨ, ਨਸ਼ਿਆਂ ਦੀ ਤਸਕਰੀ ਘਟਣ ਦੀ ਵਿਜਾਏ ਹੋਰ ਵਧ ਰਹੀ ਹੈ, ਨੌਜਵਾਨ ਮੁੰਡੇ ਨਸ਼ਿਆਂ ਨਾਲ ਮਰ ਰਹੇ ਹਨ, ਨਕਲੀ ਸ਼ਰਾਬ ਪੀਣ ਨਾਲ ਦਰਜਨਾਂ ਮਜ਼ਦੂਰ ਮਰ ਚੁੱਕੇ ਹਨ ਪਰ “ਨੀਰੋ ਬੰਸਰੀ ਵਜਾ ਰਿਹਾ ਹੈ।” ਆਗੂ ਨੇ ਕਿਹਾ ਕਿ ਸਿੱਖਿਆ ਮੰਤਰੀ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ, ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਤੇ ਐਸ ਸੀ, ਐਸ ਟੀ ਧਾਰਾ ਤਹਿਤ ਪਰਚਾ ਦਰਜ ਕੀਤਾ ਜਾਵੇ ਅਤੇ ਅਜਿਹੇ ਗੁੰਡਾ ਅਨਸਰਾਂ ਨੂੰ ਸਖ਼ਤ ਤੋਂ ਸਖ਼ਤ ਮਸਾਲੀ ਸਜ਼ਾ ਦਿੱਤੀ ਜਾਵੇ ਅਤੇ ਜ਼ਬਰ ਜਨਾਹ ਦੀ ਸ਼ਿਕਾਰ ਲੜਕੀ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਮਹੱਈਆ ਕਰਵਾਈ ਜਾਵੇ।