ਸਵੀਪ ਜਾਗਰੂਕਤਾ ਵੈਨ ਵੱਲੋਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਕੀਤਾ ਜਾ ਰਿਹਾ ਜਾਗਰੂਕ

ਗੁਰਦਾਸਪੁਰ

ਗੁਰਦਾਸਪੁਰ, 20 ਫਰਵਰੀ (ਸਰਬਜੀਤ ਸਿੰਘ)– ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ਭੇਜੀ ਗਈ ਵੋਟਰ ਜਾਗਰੂਕਤਾ ਵੈਨ ਰਾਹੀਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪੋਲਿੰਗ ਸਟੇਸ਼ਨ ਉਪਰ ਜਾ ਕੇ ਵੋਟਰਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਚਲਾਈ ਜਾ ਰਹੀ ਇਸ ਜਾਗਰੂਕਤਾ ਵੈਨ ਨੂੰ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਸਮੇਤ ਹਰ ਉਮਰ ਵਰਗ ਦੇ ਵੋਟਰ ਸਵੀਪ ਗਤੀਵਿਧੀਆਂ ਵਿੱਚ ਭਾਗ ਲੈ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਕਮ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਗੁਰਦਾਸਪੁਰ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਣਾਏ ਰੂਟ ਪਲੈਨ ਅਨੁਸਾਰ ਸਵੀਪ ਵੈਨ ਵੱਲੋਂ ਵੱਖ-ਵੱਖ ਬੂਥਾਂ ਤੇ ਜਾ ਕੇ ਵੀਡੀਓ ਦੁਆਰਾ ਈ.ਵੀ.ਐਮ. ਮਸ਼ੀਨਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਵੀਪ ਤਹਿਤ ਵੋਟਰ ਜਾਗਰੂਕਤਾ ਵੈਨ ਵੱਲੋਂ ਗੁਰਦਾਸਪੁਰ, ਦੀਨਾਨਗਰ , ਕਾਦੀਆਂ ਤੇ ਬਟਾਲਾ ਹਲਕੇ ਦੇ ਵੱਖ-ਵੱਖ ਬੂਥ ਕਵਰ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਵੋਟਰ ਜਾਗਰੂਕਤਾ ਵੈਨ 27 ਫਰਵਰੀ ਤੱਕ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪੋਲਿੰਗ ਬੂਥ ਦਾ ਵਿਜ਼ਟ ਕਰੇਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਵੀਪ ਮੈਂਬਰਾਂ ਵੱਲੋਂ ਸਲੱਮ ਏਰੀਆ ਦੇ ਵੋਟਰਾਂ ਤੇ  ਤੀਜਾ ਲਿੰਗ ਦੇ ਵੋਟਰਾਂ ਨੂੰ ਜ਼ਮੀਨੀ ਪੱਧਰ ਤੇ ਜਾ ਕੇ ਨਵੀਆਂ ਵੋਟਾਂ ਬਣਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਮੌਕੇ ਸਹਾਇਕ ਨੋਡਲ ਅਫ਼ਸਰ ਸਵੀਪ ਕਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ, ਸਵੀਪ ਮੈਂਬਰ ਗੁਰਮੀਤ ਸਿੰਘ ਭੋਮਾ, ਗਗਨਦੀਪ ਸਿੰਘ, ਲਖਬੀਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *