ਮੰਡੀ ਬੋਰਡ ਦੇ ਦਫ਼ਤਰ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ

ਗੁਰਦਾਸਪੁਰ

ਸਾਹਿਬਜ਼ਾਦਿਆਂ ਦੀ ਸ਼ਹਾਦਤ ਲਾਸਾਨੀ ਸੀ ਜਿਸ ਦੀ ਇਤਿਹਾਸ ਵਿੱਚ ਹੋਰ ਕੋਈ ਮਿਸਾਲ ਨਹੀਂ ਮਿਲਦੀ – ਏ.ਡੀ.ਸੀ. ਸੁਭਾਸ਼ ਚੰਦਰ

ਗੁਰਦਾਸਪੁਰ, 23 ਦਸੰਬਰ (ਸਰਬਜੀਤ ਸਿੰਘ)– – ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਮੰਡੀ ਬੋਰਡ ਦੇ ਐਕਸੀਅਨ ਬਲਦੇਵ ਸਿੰਘ ਬਾਜਵਾ ਦੀ ਅਗਵਾਈ ਹੇਠ ਸਮੂਹ ਸਟਾਫ਼ ਵੱਲੋਂ  ਅੱਜ ਗੁਰਦਾਸਪੁਰ ਸਥਿਤ ਆਪਣੇ ਦਫ਼ਤਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਮੰਡੀ ਬੋਰਡ ਦੇ ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਉਪਰੰਤ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ ਗਿਆ।

ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ (ਜ) ਸੁਭਾਸ਼ ਚੰਦਰ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜ਼ਦਾ ਕਰਦਿਆਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਾਸਾਨੀ ਸੀ ਜਿਸ ਦੀ ਇਤਿਹਾਸ ਵਿੱਚ ਹੋਰ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਕੇ ਮਜ਼ਲੂਮਾਂ ਅਤੇ ਧਰਮ ਦੀ ਰੱਖਿਆ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਸੱਚ ਦੇ ਮਾਰਗ ’ਤੇ ਚੱਲਣ ਦਾ ਰਸਤਾ ਦਿਖਾਇਆ ਹੈ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਹਮੇਸ਼ਾਂ ਮਾਨਵਤਾ ਦੀ ਰਹਿਬਰੀ ਕਰਦੀਆਂ ਰਹਿਣਗੀਆਂ।

ਇਸ ਦੌਰਾਨ ਐਕਸੀਅਨ ਬਲਦੇਵ ਸਿੰਘ ਬਾਜਵਾ ਨੇ ਸ਼ਹੀਦੀ ਹਫ਼ਤੇ ਦੇ ਸਾਰੇ ਸ਼ਹੀਦਾਂ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਸ਼ਹਦਾਤਾਂ ਨਾਲ ਭਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਸਰਹੰਦ ਦੇ ਸ਼ਹੀਦੀ ਸਾਕੇ ਦੌਰਾਨ ਛੋਟੇ ਸਾਹਿਬਜ਼ਾਦਿਆਂ ਦਾ ਜ਼ਿੰਦਾ ਨੀਂਹਾਂ ਵਿੱਚ ਚਿਣੇ ਜਾਣਾ ਮੁਗਲ ਹਕੂਮਤ ਦੇ ਜ਼ੁਲਮ ਦੀ ਇੰਤਹਾ ਸੀ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦੇ ਭਾਂਵੇਂ ਉਮਰ ਵਿੱਚ ਬਹੁਤ ਛੋਟੇ ਸਨ ਪਰ ਉਨ੍ਹਾਂ ਨੇ ਆਪਣਾ ਧਰਮ ਨਹੀਂ ਹਾਰਿਆ ਅਤੇ ਛੋਟੀ ਉਮਰੇ ਵੱਡਾ ਇਤਿਹਾਸ ਸਿਰਜ ਗਏ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਿਜਦਾ ਕਰਨ ਦਾ ਇਹ ਇੱਕ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਇਸ ਮੌਕੇ ਐੱਸ.ਈ. ਅੰਮ੍ਰਿਤਸਰ ਰਵਿੰਦਰ ਮਹਾਜਨ, ਗੌਰਵ ਭੱਟੀ, ਸੇਵਾ ਮੁਕਤ ਐਕਸੀਅਨ ਤਰਸੇਮ ਰਾਜ, ਸੇਵਾ ਮੁਕਤ ਐਕਸੀਅਨ ਰਵਿੰਦਰ ਮਹਾਜਨ, ਐੱਸ.ਡੀ.ਓ. ਅਸ਼ੋਕ, ਐੱਸ.ਡੀ.ਓ. ਰੋਹਿਨ, ਐੱਸ.ਡੀ.ਓ. ਗੁਰਸਿਮਰਨ, ਹਰਸਿਮਰਨ ਸਿੰਘ ਰਿਆੜ, ਨਰੇਸ਼ ਤ੍ਰਿਪਾਠੀ, ਅਮਨ, ਰਾਣਾ ਬੋਪਾਰਾਏ, ਅਮਰਬੀਰ, ਬਲਵਿੰਦਰ ਸਿੰਘ, ਰਜਿੰਦਰ ਸੋਢੀ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ ਬਾਜਵਾ, ਸਰਬਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਦਫ਼ਤਰ ਦਾ ਸਟਾਫ ਅਤੇ ਸੰਗਤ ਹਾਜ਼ਰ।    

Leave a Reply

Your email address will not be published. Required fields are marked *